ਨਵੀਂ ਦਿੱਲੀ, 24 ਜੂਨ
ਏਸ਼ਿਆਈ ਖੇਡਾਂ ਦੇ ਟਰਾਇਲਾਂ ਤੋਂ ਛੋਟ ਮੰਗਣ ਸਬੰਧੀ ਨਾਲ ਦੇ ਪਹਿਲਵਾਨਾਂ ਦੇ ਵਿਰੋਧ ਦਾ ਸਾਹਮਣਾ ਕਰ ਰਹੇ ਪ੍ਰਦਰਸ਼ਨਕਾਰੀ ਪਹਿਲਵਾਨਾਂ ਨੇ ਆਈਓਏ ਤੋਂ ਅਜਿਹੀ ਮੰਗ ਕਰਨ ਦਾ ਖੰਡਨ ਕੀਤਾ। ਉਨ੍ਹਾਂ ਕਿਹਾ ਕਿ ਜੇ ਇਹ ਗੱਲ ਸਾਬਿਤ ਹੋ ਜਾਂਦੀ ਹੈ ਤਾਂ ਉਹ ਕੁਸ਼ਤੀ ਛੱਡ ਦੇਣਗੇ। ਗ਼ੌਰਤਲਬ ਹੈ ਕਿ ਲੰਡਨ ਓਲੰਪਿਕ ਵਿੱਚ ਕਾਂਸੇ ਦਾ ਤਗਮਾ ਜੇਤੂ ਯੋਗੇਸ਼ਵਰ ਦੱਤ ਨੇ ਸ਼ੁੱਕਰਵਾਰ ਨੂੰ ਸੁਆਲ ਕੀਤਾ ਸੀ ਕਿ ਕੀ ਇਹ ਪਹਿਲਵਾਨ ਅਜਿਹੀ ਛੋਟ ਲੈਣ ਲਈ ਹੀ ਵਿਰੋਧ ਕਰ ਰਹੇ ਸਨ। ਸਾਕਸ਼ੀ ਨੇ ਸੋਸ਼ਲ ਮੀਡੀਆ ‘ਤੇ ਲਾਈਵ ਹੋ ਕੇ ਕਿਹਾ,’ਅਸੀਂ ਟਰਾਇਲਾਂ ਤੋਂ ਛੋਟ ਨਹੀਂ ਮੰਗੀ ਸੀ, ਬਸ ਤਿਆਰੀ ਲਈ ਸਮਾਂ ਮੰਗਿਆ ਸੀ।’ ਬਜਰੰਗ ਨੇ ਕਿਹਾ,’ਜੇ ਤੁਹਾਨੂੰ ਇਕ ਮੁਕਾਬਲੇ ਦੇ ਟਰਾਇਲ ਤੋਂ ਦਿੱਕਤ ਸੀ ਤਾਂ ਤੁਹਾਨੂੰ ਖੇਡ ਮੰਤਰੀ ਕੋਲ ਜਾਣਾ ਚਾਹੀਦਾ ਸੀ। ਪਰ ਤੁਸੀਂ ਸੋਸ਼ਲ ਮੀਡੀਆ ਜ਼ਰੀਏ ਜ਼ਹਿਰ ਫੈਲਾਉਣ ਦਾ ਫ਼ੈਸਲਾ ਕੀਤਾ।’ ਉਨ੍ਹਾਂ ਨਾਲ ਹੀ ਕਿਹਾ,’ਜੇ ਇਹ ਸਾਬਿਤ ਹੋ ਜਾਵੇ ਕਿ ਅਸੀਂ ਛੋਟ ਮੰਗੀ ਸੀ ਤਾਂ ਅਸੀਂ ਕੁਸ਼ਤੀ ਛੱਡਣ ਲਈ ਤਿਆਰ ਹਾਂ। ਅਸੀਂ ਛੋਟ ਲਈ ਕੋਈ ਪੱਤਰ ਨਹੀਂ ਲਿਖਿਆ।’ ਇਸ ਮੌਕੇ ਪਹਿਲਵਾਨਾਂ ਨੇ ਆਪਣੀ ਲੜਾਈ ਜਾਰੀ ਰੱਖਣ ਦੀ ਸਹੁੰ ਵੀ ਖਾਧੀ। ਵਿਨੇਸ਼ ਨੇ ਕਿਹਾ,’ਬ੍ਰਿਜ ਭੂਸ਼ਣ ਸ਼ਰਨ ਸਿੰਘ ਨੂੰ ਸਜ਼ਾ ਮਿਲਣ ਤੱਕ ਅਸੀਂ ਆਪਣੀ ਲੜਾਈ ਜਾਰੀ ਰੱਖਾਂਗੇ, ਅਸੀਂ ਦੋਸ਼ ਪੱਤਰ ਦਾਖ਼ਲ ਹੋਣ ਦੀ ਉਡੀਕ ਕਰ ਰਹੇ ਹਾਂ।’ ਗ਼ੌਰਤਲਬ ਹੈ ਕਿ ਸਾਕਸ਼ੀ, ਬਜਰੰਗ ਤੇ ਵਿਨੇਸ਼ ਫੋਗਾਟ ਮਹਿਲਾ ਪਹਿਲਵਾਨਾਂ ਦੇ ਕਥਿਤ ਜਿਨਸੀ ਸ਼ੋਸ਼ਣ ਦੇ ਦੋਸ਼ ਹੇ ਭਾਰਤੀ ਕੁਸ਼ਤੀ ਮਹਾਸੰਘ ਦੇ ਸਾਬਕਾ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਸਿੰਘ ਦੀ ਗ੍ਰਿਫ਼ਤਾਰੀ ਦੀ ਮੰਗ ਕਰ ਰਹੇ ਹਨ। -ਪੀਟੀਆਈ