ਪਟਨਾ: ਜੰਮੂ-ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫਤੀ ਨੇ ਅੱਜ ਕਿਹਾ ਕਿ ਜਿਸ ਸੂਬੇ ‘ਤੇ ਉਨ੍ਹਾਂ ਨੇ ਸ਼ਾਸਨ ਕੀਤਾ ਸੀ, ਹੁਣ ਉਸ ਦਾ ਵਿਸ਼ੇਸ਼ ਰੁਤਬਾ ਖੋਹ ਲਿਆ ਗਿਆ ਹੈ ਅਤੇ ਦੋ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਵੰਡਿਆ ਗਿਆ ਹੈ। ਉਨ੍ਹਾਂ ਕਿਹਾ ਕਿ ਜੰਮੂ-ਕਸ਼ਮੀਰ ਕੇਂਦਰ ਵਿਚਲੀ ਭਾਜਪਾ ਸਰਕਾਰ ਲਈ ਲੈਬਾਰਟਰੀ ਸੀ। ਵਿਰੋਧੀ ਧਿਰਾਂ ਦੀ ਮੀਟਿੰਗ ਤੋਂ ਇਕ ਦਿਨ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁਫ਼ਤੀ ਨੇ ਤੌਖਲਾ ਪ੍ਰਗਟਾਇਆ ਕਿ ਜੇ ਭਾਜਪਾ ਮੁੜ ਸੱਤਾ ਵਿੱਚ ਆ ਗਈ ਤਾਂ ਪੂਰੇ ਦੇਸ਼ ਦਾ ‘ਕਸ਼ਮੀਰੀਕਰਨ’ ਹੋ ਜਾਵੇਗਾ। ਮੁਫ਼ਤੀ, ਜੋ ਸੂਬੇ ਦੀ ਆਖਰੀ ਮੁੱਖ ਮੰਤਰੀ ਸੀ, ਨੇ ਕਿਹਾ,’ਦਰਅਸਲ, ਇਹ ਭਾਰਤ ਦੇ ਵਿਚਾਰ ‘ਤੇ ਹਮਲਾ ਹੈ। ਇਹ ਉਦੋਂ ਹੀ ਸਪੱਸ਼ਟ ਹੋ ਗਿਆ ਸੀ ਜਦੋਂ ਉਨ੍ਹਾਂ ਨੇ ਜੰਮੂ-ਕਸ਼ਮੀਰ ਤੋਂ ਧਾਰਾ 370 ਹਟਾਈ ਸੀ ਅਤੇ ਉਸ ਦੇ ਤਿੰਨ ਮੰਤਰੀਆਂ ਸਣੇ ਤਿੰਨ ਸਾਬਕਾ ਮੁੱਖ ਮੰਤਰੀਆਂ ਨੂੰ ਜੇਲ੍ਹ ਵਿੱਚ ਬੰਦ ਕਰ ਦਿੱਤਾ ਗਿਆ ਸੀ।’ ਪੀਪਲ’ਜ਼ ਡੈਮੋਕ੍ਰੇਟਿਕ ਪਾਰਟੀ ਦੀ ਪ੍ਰਧਾਨ ਮੁਫਤੀ ਨੇ ਦੋਸ਼ ਲਾਇਆ,’ਜੰਮੂ ਕਸ਼ਮੀਰ ਲੈਬਾਰਟਰੀ ਸੀ। ਜੋ ਅੱਜ ਅਸੀਂ ਦਿੱਲੀ ਵਿੱਚ ਕੇਂਦਰੀ ਆਰਡੀਨੈਂਸ ਦੇ ਰੂਪ ‘ਚ ਦੇਖ ਰਹੇ ਹਾਂ, ਉਹ ਸਾਰਾ ਕੁਝ ਸਾਡੇ ਸੂਬੇ ਵਿੱਚ ਪਹਿਲਾਂ ਹੀ ਹੋ ਚੁੱਕਿਆ ਹੈ। ਬਦਕਿਸਮਤੀ ਨਾਲ ਕੁਝ ਲੋਕਾਂ ਨੂੰ ਇਸ ਦੀ ਬਾਅਦ ‘ਚ ਸਮਝ ਆਈ।’ ਉਨ੍ਹਾਂ ਕਿਹਾ ਕਿ ਜੇ ਭਾਜਪਾ 2024 ਵਿੱਚ ਮੁੜ ਸੱਤਾ ਵਿੱਚ ਆ ਗਈ ਤਾਂ ਇਹ ਸੰਵਿਧਾਨ ਨੂੰ ਮਿੱਧ ਦੇਵੇਗੀ ਅਤੇ ਸਾਰੇ ਦੇਸ਼ ਦਾ ‘ਕਸ਼ਮੀਰੀਕਰਨ’ ਕਰ ਦੇਵੇਗੀ। ਅਰਵਿੰਦ ਕੇਜਰੀਵਾਲ ਸਰਕਾਰ ਦੀਆਂ ਸ਼ਕਤੀਆਂ ਘਟਾਉਣ ਵਾਲੇ ਆਰਡੀਨੈਂਸ ਦਾ ਵਿਰੋਧ ਕਰਨ ਤੋਂ ‘ਇਨਕਾਰ’ ਕਰਨ ਦੇ ਕਾਂਗਰਸ ਉੱਤੇ ਲੱਗੇ ਦੋਸ਼ ਬਾਰੇ ਉਨ੍ਹਾਂ ਕਿਹਾ,’ਇਹ ਕਦੇ ਵੀ ਮੀਟਿੰਗ ਦਾ ਕੇਂਦਰੀ ਮੁੱਦਾ ਨਹੀਂ ਸੀ। ਅਸੀਂ ਸਾਰੇ ਭਾਰਤ ਦੇ ਵਿਚਾਰ ਅਤੇ ਸੰਵਿਧਾਨ ‘ਤੇ ਹਮਲਿਆਂ ਦੇ ਮੁੱਦਿਆਂ ਸਬੰਧੀ ਇਕੱਠੇ ਹੋਏ ਸਨ। -ਪੀਟੀਆਈ