ਨਿਊ ਯਾਰਕ, 24 ਸਤੰਬਰ
ਭਾਰਤ ਦੇ ਵਿਦੇਸ਼ ਮੰਤਰੀ ਐੱਸ.ਜੈਸ਼ੰਕਰ ਨੇ ਕਿਹਾ ਕਿ ਇਹ ਦੁਨੀਆ ਅਜੇ ਵੀ ‘ਦੋਹਰੇ ਮਾਪਦੰਡਾਂ’ ਵਾਲੀ ਹੈ ਅਤੇ ਜਿਹੜੇ ਦੇਸ਼ ਅਸਰ ਰਸੂਖ ਵਾਲੀ ਸਥਿਤੀ ਵਿਚ ਹਨ, ਉਹ ਬਦਲਾਅ ਦੇ ਦਬਾਅ ਦਾ ਵਿਰੋਧ ਕਰ ਰਹੇ ਹਨ ਅਤੇ ਜਿਹੜੇ ਇਤਿਹਾਸਕ ਰੂਪ ਵਿੱਚ ਪ੍ਰਭਾਵਸ਼ਾਲੀ ਹਨ, ਉਨ੍ਹਾਂ ਨੇ ਆਪਣੀਆਂ ਕਈ ਸਮਰਥਾਵਾਂ ਦਾ ਹਥਿਆਰ ਦੇ ਰੂਪ ਵਿਚ ਇਸਤੇਮਾਲ ਕੀਤਾ ਹੈ। ਜੈਸ਼ੰਕਰ ਸੰਯੁਕਤ ਰਾਸ਼ਟਰ ਵਿੱਚ ਭਾਰਤ ਦੇ ਸਥਾਈ ਮਿਸ਼ਨ, ਸੰਯੁਕਤ ਰਾਸ਼ਟਰ ਭਾਰਤ ਤੇ ਰਿਲਾਇੰਸ ਫਾਊਂਡੇਸ਼ਨ ਦੇ ਸਹਿਯੋਗ ਨਾਲ ‘ਆਬਜ਼ਰਵਰ ਰਿਸਰਚ ਫਾਊਂਡੇਸ਼ਨ (ਓਆਰਐੱਫ) ਵੱਲੋਂ ਕਰਵਾਏ ‘ਦੱਖਣ ਦਾ ਉਦੈ- ਭਾਈਵਾਲੀਆਂ, ਸੰਸਥਾਵਾਂ ਤੇ ਵਿਚਾਰ’ ਸਿਰਲੇਖ ਵਾਲੇ ਮੰਤਰੀ ਪੱਧਰ ਦੇ ਸੈਸ਼ਨ ਨੂੰ ਸੰਬੋਧਨ ਕਰ ਰਹੇ ਸਨ। ਜੈਸ਼ੰਕਰ ਨੇ ਕਿਹਾ, ‘‘ਮੈਨੂੰ ਲੱਗਦਾ ਹੈ ਕਿ ਬਦਲਾਅ ਲਈ ਸਿਆਸੀ ਇੱਛਾ ਸ਼ਕਤੀ ਦੀ ਥਾਂ ਸਿਆਸੀ ਦਬਾਅ ਹੈ।’’ ਉਨ੍ਹਾਂ ਕਿਹਾ ਕਿ ਕੁਲ ਆਲਮ ਵਿਚ ਇਸ ਤਰ੍ਹਾਂ ਦੀ ਭਾਵਨਾ ਵੱਧ ਰਹੀ ਹੈ ਤੇ ‘ਗਲੋਬਲ ਸਾਊਥ’ ਇਕ ਤਰੀਕੇ ਨਾਲ ਇਸ ਨੂੰ ਰੋਕਦਾ ਹੈ, ਪਰ ਇਸ ਦਾ ਸਿਆਸੀ ਤੌਰ ’ਵੀ ਵਿਰੋਧ ਹੋ ਰਿਹਾ ਹੈ।’’ ਗਲੋਬਲ ਸਾਊਥ ਦਾ ਇਸਤੇਮਾਲ ਉਨ੍ਹਾਂ ਵਿਕਾਸਸ਼ੀਲ ਤੇ ਘੱਟਗਿਣਤੀ ਵਿਕਸਤ ਦੇਸ਼ਾਂ ਲਈ ਕੀਤਾ ਜਾਂਦਾ ਹੈ, ਜੋ ਮੁੱਖ ਰੂਪ ਵਿਚ ਅਫਰੀਕਾ, ਏਸ਼ੀਆ ਤੇ ਲਾਤੀਨੀ ਅਮਰੀਕਾ ਵਿੱਚ ਸਥਿਤ ਹਨ। -ਪੀਟੀਆਈ