ਪੱਤਰ ਪ੍ਰੇਰਕ
ਨਵੀਂ ਦਿੱਲੀ, 4 ਨਵੰਬਰ
ਟਰੈਵਲ ਏਜੰਟਾਂ ਦੀ ਧੋਖਾਧੜੀ ਦਾ ਸ਼ਿਕਾਰ ਹੋਏ ਤੁਰਕੀ ‘ਚ ਫਸੇ 17 ਪੰਜਾਬੀ ਵਤਨ ਪਰਤ ਆਏ ਹਨ। ਰਾਜ ਸਭਾ ਮੈਂਬਰ ਵਿਕਰਮਜੀਤ ਸਿੰਘ ਸਾਹਨੀ ਵੱਲੋਂ ਕੀਤੇ ਯਤਨਾਂ ਸਦਕਾ ਉਨ੍ਹਾਂ ਦੀ ਘਰ ਵਾਪਸੀ ਸੰਭਵ ਹੋਈ ਹੈ। ਜਾਣਕਾਰੀ ਅਨੁਸਾਰ ਟਰੈਵਲ ਏਜੰਟਾਂ ਵੱਲੋਂ ਯੂਰਪ ਵਿੱਚ ਨੌਕਰੀਆਂ ਦਿਵਾਉਣ ਦਾ ਝਾਂਸਾ ਦੇ ਕੇ 17 ਪੰਜਾਬੀਆਂ ਨੂੰ ਦੁਬਈ ਤੋਂ ਸਰਬੀਆ ਲਿਜਾਇਆ ਗਿਆ ਸੀ ਅਤੇ ਇਨ੍ਹਾਂ ਦੇ ਪਾਸਪੋਰਟ ਏਜੰਟ ਨੇ ਗ੍ਰੀਸ ਦੀ ਸਰਹੱਦ ‘ਤੇ ਲੈ ਲਏ ਸਨ, ਜਿੱਥੇ ਇਨ੍ਹਾਂ ਨੂੰ ਤੁਰਕੀ ਦੀ ਪੁਲੀਸ ਨੇ ਗ੍ਰਿਫ਼ਤਾਰ ਕਰ ਲਿਆ ਸੀ। ਇਸ ਤੋਂ ਬਾਅਦ ਉਨ੍ਹਾਂ ਨੂੰ ਤੁਰਕੀ ਅਰਬ ਜ਼ੇਂਦਰਮ ਮਧੂਗਿਰੀ ਕੈਂਪ ਵਿੱਚ ਭੇਜ ਦਿੱਤਾ ਗਿਆ ਸੀ। ਜਦੋਂ ਇਨ੍ਹਾਂ ਨੌਜਵਾਨਾਂ ਦੇ ਪਰਿਵਾਰਾਂ ਨੇ 23 ਅਕਤੂਬਰ ਨੂੰ ਰਾਜ ਸਭਾ ਮੈਂਬਰ ਸਾਹਨੀ ਨਾਲ ਸੰਪਰਕ ਕੀਤਾ ਤਾਂ ਉਹ ਤੁਰੰਤ ਹਰਕਤ ਵਿੱਚ ਆਏ ਅਤੇ ਫਸੇ ਨੌਜਵਾਨਾਂ ਨਾਲ ਸੰਪਰਕ ਕਰਨ ਲਈ ਵਿਦੇਸ਼ ਮੰਤਰਾਲੇ ਅਤੇ ਤੁਰਕੀ ਸਥਿਤ ਭਾਰਤੀ ਦੂਤਾਵਾਸ ਨਾਲ ਸੰਪਰਕ ਕੀਤਾ। ਸਾਹਨੀ ਦੇ ਯਤਨਾਂ ਸਦਕਾ ਇਨ੍ਹਾਂ ਨੌਜਵਾਨਾਂ ਨੂੰ ਆਰਜ਼ੀ ਸਫ਼ਰੀ ਪਰਮਿਟ ਮਿਲਿਆ ਅਤੇ ਇਨ੍ਹਾਂ ਨੂੰ ਬੀਤੇ ਦਿਨ ਤੁਰਕੀ ਏਅਰਲਾਈਨਜ਼ ਰਾਹੀਂ ਭਾਰਤ ਲਿਆਂਦਾ ਗਿਆ। ਇਹ ਸਾਰੇ ਲੜਕੇ ਹੁਸ਼ਿਆਰਪੁਰ, ਜਲੰਧਰ, ਪਟਿਆਲਾ, ਦਸੂਹਾ, ਅਲੀਪੁਰ ਜੱਟਾਂ ਤੇ ਚੰਨੋ ਨਾਲ ਸਬੰਧਤ ਹਨ। ਇਨ੍ਹਾਂ ਦੇ ਪਰਿਵਾਰਾਂ ਨੇ ਵਿਕਰਮਜੀਤ ਸਿੰਘ ਸਾਹਨੀ ਦਾ ਸਮੇਂ ਸਿਰ ਦਖਲ ਦੇਣ ਅਤੇ ਨੌਜਵਾਨਾਂ ਨੂੰ ਸਹੀ ਸਲਾਮਤ ਵਾਪਸ ਲਿਆਉਣ ਲਈ ਧੰਨਵਾਦ ਕੀਤਾ ਹੈ।