ਸ੍ਰੀ ਮੁਕਤਸਰ ਸਾਹਿਬ: ਮੰਡੀ ਲੱਖੇਵਾਲੀ ਦੇ ਸਿਆਸੀ ਆਗੂ ਕਾਕਾ ਲੱਖੇਵਾਲੀ ’ਤੇ ਉਸ ਦੇ ਭਰਾ ’ਤੇ ਗੋਲੀ ਚਲਾ ਦਿੱਤੀ, ਜਿਸ ਕਰਕੇ ਆਗੂ ਗੰਭੀਰ ਜ਼ਖ਼ਮੀ ਹੋ ਗਿਆ ਹੈ। ਉਸ ਨੂੰ ਡੀਐੱਮਸੀ ਹਸਪਤਾਲ ਲੁਧਿਆਣਾ ਵਿੱਚ ਦਾਖਲ ਕਰਵਾਇਆ ਗਿਆ ਹੈ। ਜਾਣਕਾਰੀ ਅਨੁਸਾਰ ਦੋਵੇਂ ਭਰਾਵਾਂ ਵਿਚਾਲੇ ਜਾਇਦਾਦ ਨੂੰ ਲੈ ਕੇ ਆਪਸੀ ਝਗੜਾ ਚੱਲ ਰਿਹਾ ਸੀ, ਜਿਸ ਦੇ ਚੱਲਦਿਆਂ ਅੱਜ ਸਵੇਰੇ ਕਾਕਾ ਲੱਖੇਵਾਲੀ ਦੇ ਭਰਾ ਨੇ ਉਸ ’ਤੇ ਗੋਲੀ ਚਲਾ ਦਿੱਤੀ। ਇਸ ਸਬੰਧੀ ਲੱਖੇਵਾਲੀ ਪੁਲੀਸ ਨੇ ਮਾਮਲੇ ਦੀ ਪੜਤਾਲ ਆਰੰਭ ਦਿੱਤੀ ਹੈ। -ਨਿੱਜੀ ਪੱਤਰ ਪ੍ਰੇਰਕ
ਸੂਏ ਵਿਚ ਡੁੱਬਣ ਕਾਰਨ ਬੱਚੇ ਦੀ ਮੌਤ
ਮਾਨਸਾ: ਨੇੜਲੇ ਪਿੰਡ ਚਕੇਰੀਆਂ ਦੇ 11 ਸਾਲਾ ਬੱਚੇ ਦੀ ਸੂਏ ਵਿਚ ਨਹਾਉਂਦੇ ਸਮੇਂ ਡੁੱਬਣ ਕਾਰਨ ਮੌਤ ਹੋ ਗਈ। ਬੱਚਾ ਪੰਜਵੀਂ ਜਮਾਤ ਵਿੱਚ ਪੜ੍ਹਦਾ ਸੀ।ਜਸਪ੍ਰੀਤ ਸਿੰਘ ਪੁੱਤਰ ਲਖਵੀਰ ਸਿੰਘ ਆਪਣੇ ਸਾਈਕਲ ’ਤੇ ਮਾਨਸਾ ਦੇ ਸੂਏ ’ਤੇ ਆਪਣੇ ਦੋਸਤ ਨਾਲ ਪਹੁੰਚਿਆ ਤੇ ਸੂਏ ਵਿਚ ਛਾਲ ਮਾਰ ਦਿੱਤੀ। ਤੈਰਨਾ ਨਾ ਆਉਣ ਕਾਰਨ ਉਹ ਪਾਣੀ ਵਿਚ ਡੁੱਬ ਗਿਆ। ਮਗਰੋਂ ਡੀਏਵੀ ਸਕੂਲ ਕੋਲ ਸੂਏ ਵਿੱਚੋਂ ਪਿੰਡ ਦੇ ਨੌਜਵਾਨਾਂ ਨੇ ਲਾਸ਼ ਨੂੰ ਬਾਹਰ ਕੱਢਿਆ। ਥਾਣਾ ਸਿਟੀ-1 ਮਾਨਸਾ ਦੀ ਪੁਲੀਸ ਨੇ ਧਾਰਾ 174 ਦੀ ਕਾਰਵਾਈ ਕੀਤੀ। -ਪੱਤਰ ਪ੍ਰੇਰਕ
ਮੈਡੀਕਲ ਸਿੱਖਿਆ ਤੇ ਖੋਜ ਵਿਭਾਗ ਅਤੇ ਸਟਰਾਈਕਰ ਇੰਡੀਆ ਵਿਚਾਲੇ ਸਮਝੌਤਾ
ਚੰਡੀਗੜ੍ਹ: ਮੈਡੀਕਲ ਸਿੱਖਿਆ ਤੇ ਖੋਜ ਮੰਤਰੀ ਡਾ. ਬਲਬੀਰ ਸਿੰਘ ਦੀ ਅਗਵਾਈ ਹੇਠ ਅੱਜ ਮੈਡੀਕਲ ਸਿੱਖਿਆ ਤੇ ਖੋਜ ਵਿਭਾਗ ਤੇ ਕੰਸੋਸ਼ੀਆ ਐਡਵਾਈਜ਼ਰੀ/ ਸਟਰਾਈਕਰ ਇੰਡੀਆ ਦਰਮਿਆਨ ਪੰਜਾਬ ਭਵਨ ’ਚ ਸਮਝੌਤਾ (ਐਮਓਯੂ) ਸਹੀਬੱਧ ਕੀਤਾ ਗਿਆ। ਡਾ. ਬਲਬੀਰ ਸਿੰਘ ਨੇ ਕਿਹਾ ਕਿ ਇਹ ਭਾਈਵਾਲੀ ਨਵੀਨਤਾ ਅਤੇ ਤਰੱਕੀ ਨੂੰ ਉਤਸ਼ਾਹਿਤ ਕਰਨ ਦੀ ਦਿਸ਼ਾ ਵੱਲ ਮਹੱਤਵਪੂਰਨ ਕਦਮ ਹੈ, ਜਿਸ ਦਾ ਉਦੇਸ਼ ਸ਼ੁਰੂਆਤ ’ਚ ਸੂਬੇ ਦੇ ਸਰਕਾਰੀ ਮੈਡੀਕਲ ਕਾਲਜਾਂ ਵਿੱਚ ਚੁਣੌਤੀਆਂ ਨਾਲ ਨਜਿੱਠਣ, ਮੌਕਿਆਂ ਦਾ ਫਾਇਦਾ ਉਠਾਉਣਾ ਅਤੇ ਸਟ੍ਰੋਕ ਤੇ ਬਰੇਨ ਅਟੈਕ ਦੇ ਖੇਤਰ ਵਿੱਚ ਮਰੀਜ਼ਾਂ ਦੀ ਦੇਖਭਾਲ ਅਤੇ ਖੋਜ ’ਤੇ ਸਾਰਥਕ ਪ੍ਰਭਾਵ ਪਾਉਣ ਲਈ ਵਿਲੱਖਣ ਸਮਰੱਥਾਵਾਂ ਅਤੇ ਹੁਨਰਾਂ ਦਾ ਲਾਭ ਉਠਾਉਣਾ ਹੈ। ਉਨ੍ਹਾਂ ਕਿਹਾ ਕਿ ਇਹ ਸਮਝੌਤਾ ਮੈਡੀਕਲ ਖੇਤਰ ਵਿੱਚ ਮਿਆਰੀ ਸਿੱਖਿਆ ਦੇ ਨਾਲ ਮੈਡੀਕਲ ਸਟਾਫ਼ ਤਿਆਰ ਕਰਨ ਵਿੱਚ ਸਹਾਈ ਸਿੱਧ ਹੋਵੇਗਾ। -ਟਨਸ