ਪੱਤਰ ਪ੍ਰੇਰਕ
ਸ੍ਰੀ ਗੋਇੰਦਵਾਲ ਸਾਹਿਬ, 28 ਜੂਨ
ਨਿੰਮ ਵਾਲੀ ਘਾਟੀ ਵਿੱਚ ਕੱਲ੍ਹ ਕਥਿਤ ਨਸ਼ਾ ਤਸਕਰਾਂ ਦੀ ਆਪਸੀ ਲੜਾਈ ਦੌਰਾਨ ਦਿਨ ਦਿਹਾੜੇ ਚੱਲੀਆਂ ਗੋਲੀਆਂ ਦੇ ਮਾਮਲੇ ਵਿੱਚ ਸਥਾਨਕ ਪੁਲੀਸ ਵੱਲੋਂ ਜ਼ਖਮੀ ਹੋਈ ਧਿਰ ਦੇ ਬਿਆਨਾਂ ‘ਤੇ ਇੱਕ ਔਰਤ ਸਣੇ ਸੱਤ ਜਣਿਆਂ ਖਿਲਾਫ਼ ਇਰਾਦਾ ਕਤਲ ਦਾ ਕੇਸ ਦਰਜ ਕੀਤਾ ਗਿਆ ਹੈ। ਪੁਲੀਸ ਨੂੰ ਦਿੱਤੇ ਬਿਆਨ ਵਿੱਚ ਜ਼ਖ਼ਮੀ ਹੋਏ ਸੁਖਦੇਵ ਸਿੰਘ ਪੁੱਤਰ ਅਜੀਤ ਸਿੰਘ ਵਾਸੀ ਨਿੰਮ ਵਾਲੀ ਘਾਟੀ ਗੋਇੰਦਵਾਲ ਸਾਹਿਬ ਨੇ ਦੱਸਿਆ ਕਿ ਉਸ ਦੀ ਭਰਜਾਈ ਸਰਬਜੀਤ ਕੌਰ ਤੇ ਉਸ ਦਾ ਲੜਕਾ ਘੱਚੋ ਕਥਿਤ ਨਸ਼ਾ ਤਸਕਰੀ ਕਰਦੇ ਹਨ। ਪੀੜਤ ਵੱਲੋਂ ਕਈ ਵਾਰ ਉਨ੍ਹਾਂ ਨੂੰ ਮੁਹੱਲੇ ਵਿੱਚ ਖੁੱਲ੍ਹੇਆਮ ਨਸ਼ਾ ਵੇਚਣ ਤੋਂ ਰੋਕਿਆ ਗਿਆ ਸੀ। ਇਸ ਦੀ ਰੰਜਿਸ਼ ਦੇ ਚੱਲਦਿਆਂ ਸਰਬਜੀਤ ਕੌਰ ਅਤੇ ਘੱਚੋ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਪੀੜਤ ਦੇ ਘਰ ‘ਤੇ ਹਮਲਾ ਕਰ ਦਿੱਤਾ ਅਤੇ ਉਨ੍ਹਾਂ ਨੂੰ ਮਾਰਨ ਦੀ ਨੀਅਤ ਨਾਲ ਗੋਲੀਆਂ ਚਲਾ ਦਿੱਤੀਆਂ। ਇਸ ਦੌਰਾਨ ਪੀੜਤ ਦੀ ਬਾਂਹ ‘ਤੇ ਗੋਲੀ ਲੱਗੀ ਤੇ ਉਹ ਜ਼ਖ਼ਮੀ ਹੋ ਗਿਆ ਸੀ। ਉਨ੍ਹਾਂ ਦੱਸਿਆ ਕਿ ਮੁਲਜ਼ਮ ਗੋਲੀਆਂ ਚਲਾਉਂਦੇ ਹੋਏ ਫ਼ਰਾਰ ਹੋ ਗਏ।
ਥਾਣਾ ਮੁਖੀ ਸੁਖਬੀਰ ਸਿੰਘ ਨੇ ਦੱਸਿਆ ਕਿ ਜ਼ਖ਼ਮੀ ਹੋਏ ਸੁਖਦੇਵ ਸਿੰਘ ਦੇ ਬਿਆਨਾਂ ‘ਤੇ ਸਰਬਜੀਤ ਕੌਰ ਪਤਨੀ ਦਿਲਬਾਗ ਸਿੰਘ ਉਸ ਦੇ ਪੁੱਤਰ ਘੱਚੋ, ਵਿੱਕੀ, ਲਵਪ੍ਰੀਤ ਸਿੰਘ ਸਾਰੇ ਵਾਸੀ ਗੋਇੰਦਵਾਲ ਸਾਹਿਬ, ਲੱਭੂ ਵਾਸੀ ਪਲਾਸੌਰ, ਅਜੈ, ਰਾਜਾ ਵਾਸੀ ਝੰਡੇਰ ਖ਼ਿਲਾਫ਼ ਧਾਰਾ 307 ਅਤੇ ਹੋਰ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਛਾਪੇ ਮਾਰੇ ਜਾ ਰਹੇ ਹਨ।