ਸਰਬਜੀਤ ਸਿੰਘ ਭੱਟੀ
ਲਾਲੜੂ, 24 ਜੂਨ
ਏਜੰਟ ਵੱਲੋਂ ਕੀਤੀ ਗਈ ਕਥਿਤ ਧੋਖਾਧੜੀ ਕਾਰਨ ਲਿਬੀਆ ਵਿੱਚ ਫ਼ਸੇ ਲਾਲੜੂ ਇਲਾਕੇ ਦੇ ਦੋ ਨੌਜਵਾਨਾਂ ਦੇ ਮਾਪਿਆਂ ਨੇ ਅੱਜ ਹਲਕਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੂੰ ਮੰਗ ਪੱਤਰ ਸੌਂਪ ਕੇ ਨੌਜਵਾਨਾਂ ਨੂੰ ਵਾਪਸ ਲਿਆਉਣ ਦੀ ਅਪੀਲ ਕੀਤੀ। ਇਸ ‘ਤੇ ਵਿਧਾਇਕ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੱਤਰ ਲਿਖ ਕੇ ਅਤੇ ਟੈਲੀਫੋਨ ‘ਤੇ ਗੱਲ ਕੇ ਵਿਦੇਸ਼ ਮੰਤਰਾਲੇ ਨਾਲ ਗੱਲਬਾਤ ਕਰਨ ਦੀ ਅਪੀਲ ਕੀਤੀ ਹੈ।
ਸ੍ਰੀ ਰੰਧਾਵਾ ਨੇ ਦੱਸਿਆ ਕਿ ਲਿਬੀਆ ਵਿੱਚ ਫਸੇ ਸੰਦੀਪ ਸਿੰਘ ਪੁੱਤਰ ਬਲਬੀਰ ਸਿੰਘ ਅਤੇ ਟੋਨੀ ਪੁੱਤਰ ਰਵਿੰਦਰ ਕੁਮਾਰ ਦੋਵੇਂ ਜਣੇ ਲਾਲੜੂ ਨੇੜੇ ਪਿੰਡ ਭੁੱਖੜੀ ਦੇ ਰਹਿਣ ਵਾਲੇ ਹਨ। ਉਨ੍ਹਾਂ ਨੂੰ 6 ਫਰਵਰੀ 2023 ਨੂੰ ਚੰਗੇ ਭਵਿੱਖ ਦਾ ਲਾਲਚ ਦੇ ਕੇ ਏਜੰਟ ਨੇ ਅੰਮ੍ਰਿਤਸਰ ਸਾਹਿਬ ਹਵਾਈ ਅੱਡੇ ਤੋਂ ਦੁਬਈ, ਕੁਵੈਤ, ਲਿਬੀਆ ਦੇਸ਼ ਦੇ ਰਸਤੇ ਸਰਬੀਆ ਭੇਜਣਾ ਦਾ ਭਰੋਸਾ ਦਿੱਤਾ ਸੀ ਪਰ ਅੱਜ ਤੱਕ ਦੋਵੇਂ ਨੌਜਵਾਨ ਲਿਬੀਆ ਵਿੱਚ ਫਸੇ ਹੋਏ ਹਨ। ਪਰਿਵਾਰਕ ਮੈਂਬਰਾਂ ਨਾਲ ਉਨ੍ਹਾਂ ਦੀ ਆਖਰੀ ਵਾਰ 6 ਮਈ ਨੂੰ ਗੱਲ ਹੋਈ ਸੀ। ਨੌਜਵਾਨਾਂ ਦੇ ਨਾਲ ਵੱਡੀ ਗਿਣਤੀ ਹਰਿਆਣਾ ਰਾਜ ਦੇ ਨੌਜਵਾਨ ਵੀ ਸਨ। 6 ਮਈ ਤੋਂ ਬਾਅਦ ਪਰਿਵਾਰ ਦਾ ਨੌਜਵਾਨਾਂ ਤੋਂ ਸੰਪਰਕ ਟੁੱਟ ਗਿਆ। ਹੁਣ ਪਰਿਵਾਰਕ ਮੈਂਬਰਾਂ ਨੇ ਇਨ੍ਹਾਂ ਨੌਜਵਾਨਾਂ ਦੀ ਚਿੰਤਾ ਸਤਾ ਰਹੀ ਹੈ। ਸ੍ਰੀ ਰੰਧਾਵਾ ਨੇ ਦੱਸਿਆ ਕਿ ਮੁੱਖ ਮੰਤਰੀ ਵੱਲੋਂ ਵਿਦੇਸ਼ ਮੰਤਰਾਲੇ ਨਾਲ ਗੱਲ ਕਰ ਕੇ ਲਿਬੀਆ ਵਿੱਚ ਫਸੇ ਨੌਜਵਾਨਾਂ ਨੂੰ ਸਹੀ-ਸਲਾਮਤ ਆਪਣੇ ਦੇਸ਼ ਵਾਪਸ ਲਿਆਉਣ ਦਾ ਭਰੋਸਾ ਦਿੱਤਾ ਗਿਆ ਹੈ।