ਗੁਰਦੀਪ ਸਿੰਘ ਟੱਕਰ
ਮਾਛੀਵਾੜਾ, 26 ਜੂਨ
ਪੁਲੀਸ ਜ਼ਿਲ੍ਹਾ ਖੰਨਾ ਵਲੋਂ ਅੱਜ ਅੰਤਰਰਾਸ਼ਟਰੀ ਨਸ਼ਾ ਵਿਰੋਧੀ ਦਿਵਸ ਮੌਕੇ ‘ਵਾਕ ਐਂਡ ਰਨ’ ਮੈਰਾਥਨ ਕੱਢੀ ਗਈ। ਨੇੜਲੇ ਪਿੰਡ ਗੜ੍ਹੀ ਤਰਖਾਣਾ ਤੋਂ ਨੀਲੋਂ ਪੁਲ ਤੱਕ ਕਰੀਬ 5 ਕਿਲੋਮੀਟਰ ਲੰਬੀ ਇਸ ਮੈਰਾਥਨ ਦੌੜ ਵਿੱਚ ਪੁਲੀਸ ਕਰਮਚਾਰੀਆਂ ਤੋਂ ਇਲਾਵਾ ਉੱਚ ਅਧਿਕਾਰੀਆਂ ਨੇ ਵੀ ਹਿੱਸਾ ਲਿਆ। ਪੁਲੀਸ ਜ਼ਿਲ੍ਹਾ ਖੰਨਾ ਦੇ ਐੱਸਐੱਸਪੀ ਅਮਨੀਤ ਕੌਂਡਲ ਨੇ ਇਸ ਵਾਕ ਐਂਡ ਰਨ ਮੈਰਾਥਨ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਅਤੇ ਆਪ ਵੀ ਦੌੜ ‘ਚ ਸ਼ਮੂਲੀਅਤ ਕੀਤੀ। ਨੀਲੋਂ ਨੇੜੇ ਸਥਿਤ ਸਾਂਝਾ ਘਰ ਵਿੱਚ ਸਮਾਪਤ ਹੋਈ ਇਸ ਮੈਰਾਥਨ ਦੌੜ ਵਿੱਚ ਹਿੱਸਾ ਲੈਣ ਵਾਲੇ ਪੁਲੀਸ ਕਰਮਚਾਰੀਆਂ ਤੋਂ ਇਲਾਵਾ ਮਾਛੀਵਾੜਾ ਸਾਹਿਬ ਸੋਸ਼ਲ ਵੈਲਫੇਅਰ ਸੁਸਾਇਟੀ ਅਤੇ ਦਿ ਹਾਕੀ ਕਲੱਬ ਸਮਰਾਲਾ ਦੇ ਸ਼ਮੂਲੀਅਤ ਕਰਨ ਵਾਲੇ ਵਾਲੰਟੀਅਰਾਂ ਨੂੰ ਵੀ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਐੱਸਐੱਸਪੀ ਅਮਨੀਤ ਕੌਂਡਲ ਨੇ ਕਿਹਾ ਕਿ ਪੁਲੀਸ ਵਲੋਂ ਕੱਢੀ ਗਈ ਮੈਰਾਥਨ ਦਾ ਮੁੱਖ ਉਦੇਸ਼ ਲੋਕਾਂ ਨੂੰ ਨਸ਼ਿਆਂ ਖਿਲਾਫ਼ ਜਾਗਰੂਕ ਕਰਨਾ ਹੈ। ਉਨ੍ਹਾਂ ਕਿਹਾ ਕਿ ਨਸ਼ਿਆਂ ਦਾ ਖਾਤਮਾ ਤਾਂ ਹੀ ਸੰਭਵ ਹੈ ਜੇਕਰ ਲੋਕ ਜਾਗਰੂਕ ਹੋਣਗੇ ਅਤੇ ਨਸ਼ਾ ਤਸਕਰਾਂ ਦੀ ਸੂਚਨਾ ਪੁਲੀਸ ਨੂੰ ਦੇਣਗੇ।
ਲੁਧਿਆਣਾ (ਖੇਤਰੀ ਪ੍ਰਤੀਨਿਧ): ਨਸ਼ਾਖੋਰੀ ਅਤੇ ਨਾਜਾਇਜ਼ ਤਸਕਰੀ ਵਿਰੁੱਧ ਕੌਮਾਂਤਰੀ ਦਿਵਸ ਮਨਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਲੁਧਿਆਣਾ ਵੱਲੋਂ ਸੋਮਵਾਰ ਨੂੰ ਪੀਏਯੂ ਵਿੱਚ 5 ਕਿਲੋਮੀਟਰ ਦੀ ਮੈਰਾਥਨ ਕਰਵਾਈ ਗਈ।
ਇਸ ਮੈਰਾਥਨ ਵਿੱਚ 1000 ਤੋਂ ਵੱਧ ਲੋਕਾਂ ਨੇ ਹਿੱਸਾ ਲਿਆ, ਜਿਸ ਨੂੰ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਸੰਦੀਪ ਕੁਮਾਰ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਮੈਰਾਥਨ ਤੋਂ ਬਾਅਦ ਪਾਲ ਆਡੀਟੋਰੀਅਮ ਵਿੱਚ ਇੱਕ ਸੱਭਿਆਚਾਰਕ ਸਮਾਗਮ ਵੀ ਕਰਵਾਇਆ ਗਿਆ ਜਿੱਥੇ ਇਸ਼ਮੀਤ ਸਿੰਘ ਸੰਗੀਤ ਸੰਸਥਾ ਦੇ ਸਿਖਿਆਰਥੀਆਂ ਨੇ ਕੋਰੀਓਗ੍ਰਾਫੀ ਅਤੇ ਗੀਤਾਂ ਸਮੇਤ ਹੋਰ ਕਈ ਪੇਸ਼ਕਾਰੀਆਂ ਦਿੱਤੀਆਂ।
ਇਸ ਸਮਾਗਮ ਦੌਰਾਨ ਨਸ਼ਾ ਛੱਡ ਚੁੱਕੇ ਵਿਅਕਤੀਆਂ ਨੇ ਆਪਣੀਆਂ ਕਹਾਣੀਆਂ ਸਾਂਝੀਆਂ ਕੀਤੀਆਂ ਅਤੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਨਸ਼ਿਆਂ ਦਾ ਸ਼ਿਕਾਰ ਨਾ ਹੋਣ ਕਿਉਂਕਿ ਨਸ਼ੇ ਸਭ ਕੁਝ ਤਬਾਹ ਕਰ ਦਿੰਦੇ ਹਨ। ਇਸ ਮੌਕੇ ਨਸ਼ਿਆਂ ਤੋਂ ਦੂਰ ਰਹਿਣ ਦੀ ਸਹੁੰ ਵੀ ਚੁਕਾਈ ਗਈ।
‘ਰਨ ਐਂਡ ਵਾਕ’ ਕਰਵਾਈ
ਸਮਰਾਲਾ (ਪੱਤਰ ਪ੍ਰੇਰਕ): ਅੱਜ ਗੜ੍ਹੀ ਪੁਲ ਤੋਂ ਪੁਲੀਸ ਜ਼ਿਲ੍ਹਾ ਖੰਨਾ ਵੱਲੋਂ ਐੱਸਐੱਸਪੀ ਅਮਨੀਤ ਕੋਂਡਲ ਦੀ ਅਗਵਾਈ ਹੇਠ ਨਸ਼ਾਖੋਰੀ ਅਤੇ ਨਾਜਾਇਜ਼ ਤਸਕਰੀ ਵਿਰੁੱਧ ਅੰਤਰਰਾਸ਼ਟਰੀ ਦਿਵਸ ਦੇ ਮੌਕੇ 5 ਕਿਲੋਮੀਟਰ ਦੀ ‘ਰਨ ਐਂਡ ਵਾਕ’ ਮੈਰਾਥਨ ਕਰਵਾਈ ਗਈ। ਇਸ ਮੌਕੇ ਪੁਲੀਸ ਜ਼ਿਲ੍ਹਾ ਮੁੱਖੀ ਅਮਨੀਤ ਕੋਂਡਲ ਨੇ ਕਿਹਾ ਕਿ ਇਸ ਮੈਰਾਥਨ ਦਾ ਉਦੇਸ਼ ਨਸ਼ਿਆਂ ਦੀ ਦੁਰਵਰਤੋਂ ਅਤੇ ਗੈਰ-ਕਾਨੂੰਨੀ ਤਸਕਰੀ ਸਬੰਧੀ ਜਾਗਰੂਕਤਾ ਪੈਦਾ ਕਰਨਾ ਹੈ। ਉਨ੍ਹਾਂ ਕਿਹਾ ਕਿ ਲੋਕ ਨਸ਼ਿਆਂ ਵਿਰੁੱਧ ਕੋਈ ਵੀ ਜਾਣਕਾਰੀ ਪੁਲੀਸ ਨੂੰ ਬੇ-ਝਿਜਕ ਦੇ ਸਕਦੇ ਹਨ। ਇਸ ਮੈਰਾਥਨ ਵਿੱਚ ਜਿਲ੍ਹੇ ਦੇ 90 ਪੁਲੀਸ ਅਧਿਕਾਰੀਆਂ ਅਤੇ ਪਬਲਿਕ ਵਾਲੰਟੀਅਰਾਂ ਸਮੇਤ ਲਗਪਗ 118 ਪ੍ਰਤੀਯੋਗੀਆਂ ਨੇ ਹਿੱਸਾ ਲਿਆ।