ਜਸਬੀਰ ਸਿੰਘ ਸ਼ੇਤਰਾ
ਜਗਰਾਉਂ, 25 ਜੂਨ
ਨੇੜਲੇ ਪਿੰਡ ਗਾਲਿਬ ਕਲਾਂ ‘ਚ ਚਿੰਤਪੁਰਨੀ ਮੰਦਿਰ ‘ਚ ਪਾਵਰਕੌਮ ਵੱਲੋਂ ਚਿੱਪ ਵਾਲਾ ਮੀਟਰ ਲਾਇਆ ਗਿਆ। ਇਸ ਦਾ ਪਤਾ ਜਿਵੇਂ ਹੀ ਪਿੰਡ ਵਾਸੀਆਂ ਨੂੰ ਲੱਗਿਆ ਤਾਂ ਉਨ੍ਹਾਂ ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਦੇ ਨੁਮਾਇੰਦਿਆਂ ਦੀ ਅਗਵਾਈ ‘ਚ ਇਹ ਮੀਟਰ ਲਾਹ ਦਿੱਤਾ। ਇਸ ਸਮੇਂ ਨਾਅਰੇਬਾਜ਼ੀ ਕਰਦਿਆਂ ਕਿਸਾਨ ਆਗੂਆਂ ਨੇ ਕਿਹਾ ਕਿ ਪਹਿਲਾਂ ਤੋਂ ਹੀ ਇਨ੍ਹਾਂ ਚਿੱਪ ਵਾਲੇ ਮੀਟਰਾਂ ਦਾ ਵਿਰੋਧ ਚੱਲ ਰਿਹਾ ਹੈ ਅਤੇ ਕਈ ਥਾਵਾਂ ਤੋਂ ਵਿਰੋਧ ਪ੍ਰਦਰਸ਼ਨ ਕਰ ਕੇ ਪਾਵਰਕੌਮ ਮੁਲਾਜ਼ਮ ਬੇਰੰਗ ਮੋੜੇ ਗਏ ਹਨ। ਭਵਿੱਖ ‘ਚ ਵੀ ਜੇਕਰ ਚਿੱਪ ਵਾਲੇ ਮੀਟਰ ਲਾਉਣ ਦੀ ਕੋਸ਼ਿਸ਼ ਹੋਈ ਤਾਂ ਇਸੇ ਤਰ੍ਹਾਂ ਵਿਰੋਧ ਕੀਤਾ ਜਾਵੇਗਾ। ਉਨ੍ਹਾਂ ਕਿਧਰੇ ਵੀ ਚਿੱਪ ਵਾਲੇ ਮੀਟਰ ਨਾ ਲੱਗਣ ਦੀ ਗੱਲ ਆਖੀ। ਜ਼ਿਲ੍ਹਾ ਸਕੱਤਰ ਇੰਦਰਜੀਤ ਸਿੰਘ ਧਾਲੀਵਾਲ ਅਤੇ ਬਲਾਕ ਪ੍ਰਧਾਨ ਜਗਜੀਤ ਸਿੰਘ ਕਲੇਰ ਦੀ ਅਗਵਾਈ ‘ਚ ਇਕੱਤਰ ਪਿੰਡ ਵਾਸੀਆਂ ਨੇ ਜਥੇਬੰਦੀ ਦੇ ਫ਼ੈਸਲੇ ਮੁਤਾਬਕ ਇਹ ਮੀਟਰ ਉਤਾਰ ਦਿੱਤਾ ਹੈ ਅਤੇ ਭਲਕੇ ਪਾਵਰਕੌਮ ਨੂੰ ਮੋੜ ਦਿੱਤਾ ਜਾਵੇਗਾ। ਪਿੰਡ ਵਾਸੀਆਂ ਨੂੰ ਸੰਬੋਧਨ ਕਰਦਿਆ ਪਰਮਿੰਦਰ ਸਿੰਘ ਪਿੱਕਾ ਨੇ ਪਾਵਰਕੌਮ ਨੂੰ ਚਿਤਾਵਨੀ ਦਿੱਤੀ ਕਿ ਲੋਕਾਂ ਤੋਂ ਚੋਰੀ ਧਾਰਮਿਕ ਸਥਾਨ ‘ਤੇ ਚਿੱਪ ਵਾਲਾ ਮੀਟਰ ਲਗਾ ਕੇ ਪੰਜਾਬ ਸਰਕਾਰ ਨੇ ਵੱਡਾ ਫਰੇਬ ਕੀਤਾ ਹੈ। ਹੁਣ ਪਿੰਡ ‘ਚ ਆਉਣ ‘ਤੇ ਪਾਵਰਕੌਮ ਕਰਮਚਾਰੀਆਂ ਦਾ ਘਿਰਾਓ ਕੀਤਾ ਜਾਵੇਗਾ। ਪੇਸ਼ਗੀ ਰਕਮ ਦਾ ਕਾਰਡ ਪਵਾ ਕੇ ਚੱਲਣ ਵਾਲੇ ਇਨ੍ਹਾਂ ਮੀਟਰਾਂ ਰਾਹੀਂ ਗਰੀਬ ਲੋਕਾਂ ਨੂੰ ਬਿਜਲੀ ਬਾਲਣ ਦੇ ਹੱਕ ਤੋਂ ਵਿਰਵਾ ਕੀਤਾ ਜਾ ਰਿਹਾ ਹੈ।