ਗੁਰਦੀਪ ਸਿੰਘ ਲਾਲੀ
ਸੰਗਰੂਰ, 27 ਜੂਨ
ਇਥੇ ਮੁੱਖ ਮੰਤਰੀ ਦੀ ਕੋਠੀ ਅੱਗੇ ਧਰਨਾਕਾਰੀ ਨੇਤਰਹੀਣ, ਅੰਗਹੀਣ ਵਿਅਕਤੀਆਂ ਅਤੇ ਪੁਲੀਸ ਵਿਚਕਾਰ ਕੁੱਝ ਖਿੱਚ-ਧੂਹ ਹੋਈ। ਭਾਰਤ ਨੇਤਰਹੀਣ ਸੇਵਕ ਸਮਾਜ ਦੀ ਅਗਵਾਈ ਹੇਠ ਨੇਤਰਹੀਣ ਤੇ ਅੰਗਹੀਣ ਮੰਗਾਂ ਦੀ ਪ੍ਰਾਪਤੀ ਲਈ ਇਥੇ ਮੁੱਖ ਮੰਤਰੀ ਦੀ ਕੋਠੀ ਅੱਗੇ ਰੋਸ ਧਰਨਾ ਦੇਣ ਪੁੱਜੇ ਸਨ। ਧਰਨਾਕਾਰੀ ਮੰਗ ਰਹੇ ਸਨ ਕਿ ਉਨ੍ਹਾਂ ਦੀ ਮੁੱਖ ਮੰਤਰੀ ਨਾ ਮੀਟਿੰਗ ਤੈਅ ਕਰਵਾਈ ਜਾਵੇ ਪਰ ਪ੍ਰਸ਼ਾਸਨ ਵੱਲੋਂ ਦੇਰੀ ਕੀਤੀ ਗਈ ਜਿਸ ਤੋਂ ਖਫ਼ਾ ਹੋ ਕੇ ਧਰਨਾਕਾਰੀਆਂ ਨੇ ਪੁਲੀਸ ਨਾਕੇਬੰਦੀ ਤੋਂ ਜਬਰੀ ਅੱਗੇ ਵਧਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਕੁੱਝ ਖਿੱਚ-ਧੂਹ ਵੀ ਹੋਈ। ਇਸ ਮੌਕੇ ਧਰਨੇ ਦੀ ਅਗਵਾਈ ਕਰ ਰਹੇ ਜਥੇਬੰਦੀ ਦੇ ਜਨਰਲ ਸਕੱਤਰ ਗੁਰਪ੍ਰੀਤ ਸਿੰਘ ਚਾਹਲ, ਕੌਮੀ ਜਨਰਲ ਸਕੱਤਰ ਬਲਵਿੰਦਰ ਸਿੰਘ ਚਾਹਲ, ਪਰਮਿੰਦਰ ਸਿੰਘ ਅਤੇ ਵਿਵੇਕ ਮੋਗਾ ਨੇ ਕਿਹਾ ਕਿ ਪੰਜਾਬ ਦੀਆਂ ਵੱਡੀਆਂ ਤੇ ਪ੍ਰਮੁੱਖ ਸੰਸਥਾਵਾਂ ਨੈਸ਼ਨਲ ਫੈਡਰੇਸ਼ਨ ਆਫ਼ ਦਿ ਬਲਾਈਂਡ ਪੰਜਾਬ ਬਰਾਂਚ ਅਤੇ ਭਾਰਤ ਨੇਤਰਹੀਣ ਸੇਵਕ ਸਮਾਜ ਲੁਧਿਆਣਾ ਨੇਤਰਹੀਣਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਾਉਣ ਲਈ ਯਤਨ ਕਰ ਰਹੀਆਂ ਹਨ। ਇਸ ਸਬੰਧੀ ਮੰਗ ਪੱਤਰਾਂ ਅਤੇ ਮੀਟਿੰਗਾਂ ਰਾਹੀਂ ਨੇਤਰਹੀਣਾਂ ਅਤੇ ਅੰਗਹੀਣਾਂ ਦੀਆਂ ਮੰਗਾਂ ਸਬੰਧੀ 15 ਮਹੀਨਾਂ ਤੋਂ ਸਰਕਾਰ ਨੂੰ ਜਾਣੂ ਕਰਵਾਇਆ ਜਾ ਰਿਹਾ ਹੈ ਪਰ ਕਿਸੇ ਵੀ ਵਿਭਾਗ ਜਾਂ ਸਰਕਾਰ ਨੇ ਸਮੱਸਿਆਵਾਂ ਵੱਲ ਧਿਆਨ ਨਹੀਂ ਦਿੱਤਾ ਜਿਸ ਕਰਕੇ ਮਜਬੂਰ ਹੋ ਕੇ ਅੰਦੋਲਨ ਦਾ ਰਾਹ ਅਖਤਿਆਰ ਕਰਨਾ ਪਿਆ ਹੈ। ਉਨ੍ਹਾਂ ਮੰਗ ਕੀਤੀ ਕਿ ਸਾਰੀਆਂ ਮੰਗਾਂ ਦਾ ਤੁਰੰਤ ਨਿਪਟਾਰਾ ਕੀਤਾ ਜਾਵੇ ਅਤੇ ਬੱਸ ਸਫ਼ਰ ਪੂਰਾ ਮੁਫ਼ਤ ਕੀਤਾ ਜਾਵੇ, 300 ਯੂਨਿਟ ਪ੍ਰਤੀ ਮਹੀਨਾ ਬਿਜਲੀ ਦਿੱਤੀ ਜਾਵੇ।
ਧਰਨੇ ਦੌਰਾਨ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਮੁੱਖ ਮੰਤਰੀ ਪੰਜਾਬ ਨਾਲ ਜਥੇਬੰਦੀ ਦੀ 5 ਜੁਲਾਈ ਨੂੰ ਚੰਡੀਗੜ੍ਹ ਵਿੱਚ ਮੀਟਿੰਗ ਤੈਅ ਕਰਵਾਈ ਜਿਸ ਮਗਰੋਂ ਧਰਨਾ ਸਮਾਪਤ ਹੋਇਆ।