ਪੱਤਰ ਪ੍ਰੇਰਕ
ਬਨੂੜ, 26 ਜੂਨ
ਇੱਥੋਂ ਲਾਂਡਰਾਂ ਰੋਡ ‘ਤੇ ਇੱਕ ਤੇਜ਼ ਰਫ਼ਤਾਰ ਕਾਰ ਨੇ ਐਕਟਿਵਾ ਤੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ ਜਿਸ ਵਿੱਚ ਐਕਟਿਵਾ ਚਾਲਕ ਦੀ ਮੌਤ ਹੋ ਗਈ। ਮੋਟਰਸਾਈਕਲ ਤੇ ਸਵਾਰ ਇੱਕ ਮਹਿਲਾ ਗੰਭੀਰ ਜ਼ਖ਼ਮੀ ਹੋ ਗਈ। ਹਾਦਸਾ ਫੌਜੀ ਕਲੋਨੀ ਨੇੜੇ ਵਾਪਰਿਆ। ਮ੍ਰਿਤਕ ਦੀ ਪਛਾਣ ਹਰਮਿੰਦਰ ਸਿੰਘ ਪੁੱਤਰ ਜੋਗਾ ਸਿੰਘ ਵਾਸੀ ਪਿੰਡ ਤੰਗੋਰੀ (ਮੁਹਾਲੀ) ਵਜੋਂ ਹੋਈ ਹੈ।ਪ੍ਰਾਪਤ ਜਾਣਕਾਰੀ ਅਨੁਸਾਰ ਹਰਮਿੰਦਰ ਸਿੰਘ ਐਕਟਿਵਾ ‘ਤੇ ਬਨੂੜ ਦੇ ਬਾਜ਼ਾਰ ਵਿੱਚੋਂ ਖਰੀਦਦਾਰੀ ਕਰ ਕੇ ਪਿੰਡ ਪਰਤ ਰਿਹਾ ਸੀ। ਫੌਜੀ ਕਲੋਨੀ ਨੇੜੇ ਲਾਂਡਰਾਂ ਵੱਲੋਂ ਆਉਂਦੀ ਤੇਜ਼ ਰਫ਼ਤਾਰ ਕਾਰ ਨੇ ਉਸ ਦੀ ਐਕਟਿਵਾ ਨੂੰ ਟੱਕਰ ਮਾਰ ਦਿੱਤੀ ਅਤੇ ਉਸ ਦੀ ਮੌਕੇ ‘ਤੇ ਮੌਤ ਹੋ ਗਈ। ਇਸ ਮੌਕੇ ਕਾਰ ਦੀ ਲਪੇਟ ਵਿੱਚ ਆਏ ਮੋਟਰਸਾਈਕਲ ‘ਤੇ ਸਵਾਰ ਸਰੋਜ ਕੁਮਾਰ ਪਤਨੀ ਪਵਨ ਕੁਮਾਰ ਵਾਸੀ ਅੰਬਾਲਾ ਗੰਭੀਰ ਜ਼ਖ਼ਮੀ ਹੋ ਗਈ। ਉਸ ਨੂੰ ਇਲਾਜ ਲਈ ਚੰਡੀਗੜ੍ਹ ਦੇ ਸੈਕਟਰ-32 ਦੇ ਸਰਕਾਰੀ ਮੈਡੀਕਲ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਮਾਮਲੇ ਦੇ ਜਾਂਚ ਅਧਿਕਾਰੀ ਅਤੇ ਥਾਣਾ ਬਨੂੜ ਦੇ ਏਐਸਆਈ ਮਹਿੰਦਰ ਸਿੰਘ ਨੇ ਦੱਸਿਆ ਕਿ ਕਾਰ ਚਾਲਕ ਨਵੀਨ ਮੋਰ ਵਾਸੀ ਪਿੰਡ ਲੜਸੋਲੀ ਜ਼ਿਲ੍ਹਾ ਸੋਨੀਪਤ (ਹਰਿਆਣਾ) ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਪੋਸਟਮਾਰਟਮ ਮਗਰੋਂ ਲਾਸ਼ ਵਾਰਸਾਂ ਦੇ ਸਪੁਰਦ ਕਰ ਦਿੱਤੀ ਗਈ ਹੈ।
ਸੜਕ ਹਾਦਸੇ ‘ਚ ਸਾਈਕਲ ਸਵਾਰ ਹਲਾਕ
ਚੰਡੀਗੜ੍ਹ (ਟ੍ਰਿਬਿਊਨ ਨਿਊਜ਼ ਸਰਵਿਸ): ਇੱਥੋਂ ਦੇ ਡੱਡੂਮਾਜਰਾ ਕਲੋਨੀ ‘ਚ ਕਾਰ ਦੀ ਲਪੇਟ ਵਿੱਚ ਆਉਣ ਕਾਰਨ ਸਾਈਕਲ ਸਵਾਰ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਦਲਬੀਰ ਸਿੰਘ ਵਜੋਂ ਹੋਈ ਹੈ। ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਥਾਣਾ ਮਲੋਆ ਦੀ ਪੁਲੀਸ ਨੇ ਕਾਰ ਚਾਲਕ ਨਿਹਾਰ ਜਾਨਾ ਵਾਲੀ ਡੱਡੂਮਾਜਰਾ ਕਲੋਨੀ ਵਿਰੁੱਧ ਕੇਸ ਦਰਜ ਕਰ ਦਿੱਤਾ ਹੈ। ਇਹ ਕੇਸ ਮ੍ਰਿਤਕ ਦੇ ਭਤੀਜੇ ਨਵਦੀਪ ਸਿੰਘ ਦੀ ਸ਼ਿਕਾਇਤ ‘ਤੇ ਦਰਜ ਕੀਤਾ ਹੈ। ਸ਼ਿਕਾਇਤਕਰਤਾ ਦਾ ਕਹਿਣਾ ਸੀ ਉਸ ਦੇ ਅੰਕਲ ਸਾਈਕਲ ‘ਤੇ ਜਾ ਰਹੇ ਸੀ, ਉਸੇ ਦੌਰਾਨ ਤੇਜ਼ ਰਫ਼ਤਾਰ ਕਾਰ ਚਾਲਕ ਨੇ ਸਾਈਕਲ ‘ਚ ਟੱਕਰ ਮਾਰ ਦਿੱਤੀ। ਕਾਰ ਦੀ ਟੱਕਰ ਵੱਜਣ ਕਰਕੇ ਉਹ ਹੇਠਾਂ ਡਿੱਗ ਗਏ, ਜਿਨ੍ਹਾਂ ਨੂੰ ਪੀਜੀਆਈ ਭਰਤੀ ਕਰਵਾਇਆ ਗਿਆ। ਪੀਜੀਆਈ ‘ਚ ਦਲਬੀਰ ਸਿੰਘ ਦੀ ਇਲਾਜ ਦੌਰਾਨ ਮੌਤ ਹੋ ਗਈ। ਥਾਣਾ ਮਲੋਆ ਦੀ ਪੁਲੀਸ ਨੇ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਲਾਈਨਮੈਨ ਹਾਦਸੇ ਦਾ ਸ਼ਿਕਾਰ
ਅੰਬਾਲਾ (ਨਿੱਜੀ ਪੱਤਰ ਪ੍ਰੇਰਕ) : ਥੰਬੜ-ਅਧੋਇਆ ਸੜਕ ‘ਤੇ ਕਾਰ ਦੀ ਚਪੇਟ ਵਿਚ ਆਉਣ ਕਾਰਨ ਬਾਈਕ ਸਵਾਰ ਲਾਈਨਮੈਨ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਥੰਬੜ ਵਾਸੀ ਗੁਰਮੇਲ ਸਿੰਘ (36) ਵਜੋਂ ਹੋਈ ਹੈ ਜੋ ਥੰਬੜ ਵਿਚ ਹੀ ਡੀਸੀ ਰੇਟ ਤੇ ਲਾਈਨਮੈਨ ਲੱਗਾ ਹੋਇਆ ਸੀ।
ਜ਼ਖ਼ਮੀ ਨੌਜਵਾਨ ਦੀ ਮੌਤ
ਮੋਰਿੰਡਾ (ਪੱਤਰ ਪ੍ਰੇਰਕ): ਇਥੋਂ ਦੇ ਰਾਮਬਾਗ਼ ਸੜਕ ‘ਤੇ ਟਰੈਕਟਰ ਵੱਲੋਂ ਟੱਕਰ ਮਾਰੇ ਜਾਣ ਕਾਰਨ ਜ਼ਖ਼ਮੀ ਹੋਏ ਪਰਵਾਸੀ ਨੌਜਵਾਨ ਦੀ ਜਨਰਲ ਹਸਪਤਾਲ ਚੰਡੀਗੜ੍ਹ ਵਿਖੇ ਇਲਾਜ ਦੌਰਾਨ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਸਰੋਜ ਕੁਮਾਰ ਪੁੱਤਰ ਰਘੂਨਾਥ ਵਾਸੀ ਬਿਹਾਰ ਵਜੋਂ ਹੋਈ ਹੈ। ਉਹ ਮੋਰਿੰਡਾ ਦੇ ਜੋਗੀਆਂ ਵਾਲੇ ਮੁਹੱਲੇ ਵਿੱਚ ਕਿਰਾਏ ‘ਤੇ ਰਹਿੰਦਾ ਸੀ।