ਮਿਹਰ ਸਿੰਘ
ਕੁਰਾਲੀ, 4 ਨਵੰਬਰ
ਇੱਥੇ ਵਾਰਡ ਨੰਬਰ 14 ਦੇ ਆਦਰਸ਼ ਨਗਰ ਵਿੱਚ ਪਿਛਲੇ ਇੱਕ ਹਫ਼ਤੇ ਤੋਂ ਸਟਰੀਟ ਲਾਈਟਾਂ ਬੰਦ ਹੋਣ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਝੱਲਣੀ ਪੈ ਰਹੀ ਹੈ ਪਰ ਕਈ ਵਾਰ ਸ਼ਿਕਾਇਤ ਕਰਨ ਦੇ ਬਾਵਜੂਦ ਸਟਰੀਟ ਲਾਈਟਾਂ ਠੀਕ ਨਹੀਂ ਕੀਤੀਆਂ ਜਾ ਰਹੀਆਂ ਹਨ। ਇਸ ਕਾਰਨ ਕੌਂਸਲ ਦੀ ਕਾਰਜਪ੍ਰਣਾਲੀ ਪ੍ਰਤੀ ਲੋਕਾਂ ਵਿੱਚ ਰੋਸ ਹੈ। ਪਿਛਲੇ ਇੱਕ ਹਫ਼ਤੇ ਤੋਂ ਖ਼ਰਾਬ ਲਾਈਟਾਂ ਬਾਰੇ ਰਣਜੀਤ ਘਈ, ਵਰਿੰਦਰ ਸ਼ਰਮਾ, ਗਗਨ ਕੁਮਾਰ, ਕਮਲ ਸੈਣੀ, ਨਵੀਨ ਕੁਮਾਰ, ਅਰੁਣ ਕੁਮਾਰ, ਰਮੇਸ਼ ਕਾਲੀਆ ਤੇ ਉਮਾਕਾਂਤ ਨੇ ਕਿਹਾ ਕਿ ਸ਼ਹਿਰ ਵਿੱਚ ਕੌਂਸਲ ਵੱਲੋਂ ਕੁਝ ਅਰਸਾ ਪਹਿਲਾਂ ਹੀ ਐੱਲਈਡੀ ਲਾਈਟਾਂ ਲਗਾਈਆਂ ਗਈਆਂ ਸਨ। ਕਰੋੜਾਂ ਰੁਪਏ ਖਰਚ ਕੇ ਲਗਾਈਆਂ ਗਈਆਂ ਇਹ ਸਟਰੀਟ ਲਾਈਟਾਂ ਸਫੈਦ ਹਾਥੀ ਬਣਦੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਇਹ ਲਾਈਟਾਂ ਜਿੱਥੇ ਅਕਸਰ ਖਰਾਬ ਹੋਈਆਂ ਰਹਿੰਦੀਆਂ ਹਨ ਉੱਥੇ ਪਿਛਲੇ ਇੱਕ ਹਫ਼ਤੇ ਤੋਂ ਆਦਰਸ਼ ਨਗਰ ਦੀਆਂ ਸਟਰੀਟ ਲਾਈਟਾਂ ਮੁਕੰਮਲ ਤੌਰ ‘ਤੇ ਬੰਦ ਪਈਆਂ ਹਨ। ਉਨ੍ਹਾਂ ਕਿਹਾ ਕਿ ਕਈ ਵਾਰ ਕੌਂਸਲ ਦਫਤਰ ਜਾ ਕੇ ਇਸ ਸਬੰਧੀ ਸ਼ਿਕਾਇਤ ਦਰਜ ਕਰਵਾਉਣ ਦੇ ਬਾਵਜੂਦ ਇਹ ਲਾਈਟਾਂ ਠੀਕ ਨਹੀਂ ਕੀਤੀਆਂ ਜਾ ਰਹੀਆਂ। ਉਨ੍ਹਾਂ ਦੱਸਿਆ ਕਿ ਸ਼ਹਿਰ ‘ਚ ਰੋਜ਼ਾਨਾ ਚੋਰੀ ਦੀਆਂ ਵਾਰਦਾਤਾਂ ਹੋ ਰਹੀਆਂ ਹਨ ਅਤੇ ਪੁਲੀਸ ਚੋਰਾਂ ਨੂੰ ਫੜਨ ‘ਚ ਨਾਕਾਮ ਸਾਬਤ ਹੋ ਰਹੀ ਹੈ। ਅਜਿਹੇ ‘ਚ ਰਾਤ ਸਮੇਂ ਗਲੀਆਂ ‘ਚ ਹਨੇਰਾ ਛਾ ਜਾਂਦਾ ਹੈ ਜਿਸ ਕਾਰਨ ਹਰ ਸਮੇਂ ਡਰ ਦਾ ਮਾਹੌਲ ਬਣਿਆ ਰਹਿੰਦਾ ਹੈ।
ਰਣਜੀਤ ਘਈ ਨੇ ਦੱਸਿਆ ਕਿ ਉਹ ਸਟਰੀਟ ਲਾਈਟਾਂ ਠੀਕ ਕਰਵਾਉਣ ਲਈ ਦਿੱਤੇ ਗਏ ਨੰਬਰਾਂ ‘ਤੇ ਕਈ ਵਾਰ ਸ਼ਿਕਾਇਤਾਂ ਦਰਜ ਕਰਵਾ ਚੁੱਕੇ ਹਨ ਪਰ ਭਰੋਸੇ ਦੇ ਬਾਵਜੂਦ ਕੋਈ ਵੀ ਲਾਈਟਾਂ ਠੀਕ ਕਰਨ ਲਈ ਨਹੀਂ ਆ ਰਿਹਾ। ਵਾਰਡ ਵਾਸੀਆਂ ਨੇ ਕੌਂਸਲ ਦੇ ਉੱਚ ਅਧਿਕਾਰੀਆਂ ਅਤੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਸਮੱਸਿਆ ਵੱਲ ਧਿਆਨ ਦੇਣ ਦੀ ਮੰਗ ਕੀਤੀ ਹੈ। ਦੂਜੇ ਪਾਸੇ ਕੌਂਸਲ ਪ੍ਰਧਾਨ ਰਣਜੀਤ ਸਿੰਘ ਜੀਤੀ ਪਡਿਆਲਾ ਨੇ ਕਿਹਾ ਕਿ ਸਟਰੀਟ ਲਾਈਟਾਂ ਦਾ ਕੰਮ ਕੰਪਨੀ ਵੱਲੋਂ ਕੀਤਾ ਜਾਣਾ ਹੈ। ਉਹ ਛੇਤੀ ਹੀ ਕੰਪਨੀ ਦੇ ਅਧਿਕਾਰੀਆਂ ਨਾਲ ਮੀਟਿੰਗ ਕਰ ਕੇ ਸਮੱਸਿਆ ਦੇ ਹੱਲ ਲਈ ਯਤਨ ਕਰਨਗੇ।