ਖੇਤਰੀ ਪ੍ਰਤੀਨਿਧ
ਪਟਿਆਲਾ, 4 ਨਵੰਬਰ
ਰੇਲਵੇ ਲਾਈਨਾਂ ‘ਤੇ ਪਸ਼ੂਆਂ ਨਾਲ ਹੁੰਦੇ ਹਾਦਸਿਆਂ ਨੂੰ ਠੱਲ੍ਹ ਪਾਉਣ ਲਈ ਉੱਤਰ ਰੇਲਵੇ ਫਿਰੋਜ਼ਪੁਰ ਵੱਲੋਂ ਇਕ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ।
ਡਿਵੀਜ਼ਨਲ ਰੇਲਵੇ ਮੈਨੇਜਰ ਫਿਰੋਜ਼ਪੁਰ ਡਾ. ਸੀਮਾ ਸ਼ਰਮਾ ਨੇ ਇਕ ਪੱਤਰ ਜਾਰੀ ਕਰ ਕੇ ਪੰਜਾਬ, ਜੰਮੂ ਕਸ਼ਮੀਰ ਅਤੇ ਹਿਮਾਚਲ ਪ੍ਰਦੇਸ਼ ਰਾਜਾਂ ਵਿੱਚ ਪਿਛਲੇ ਸਮੇਂ ਦੌਰਾਨ ਪਸ਼ੂਆਂ ਕਾਰਨ ਹੋਏ ਹਾਦਸਿਆਂ ਦਾ ਜ਼ਿਕਰ ਕਰਦਿਆਂ ਕਿਹਾ ਹੈ ਕਿ ਹਾਦਸਿਆਂ ਕਾਰਨ ਜਿੱਥੇ ਰੇਲ ਆਵਾਜਾਈ ਪ੍ਰਭਾਵਿਤ ਹੁੰਦੀ ਹੈ ਉੱਥੇ ਹੀ ਸਫਰ ਕਰ ਰਹੇ ਯਾਤਰੀਆਂ ਦੀ ਸੁਰੱਖਿਆ ਵੀ ਖਤਰੇ ਵਿੱਚ ਪੈ ਜਾਂਦੀ ਹੈ। ਡਾ. ਸੀਮਾ ਸ਼ਰਮਾ ਨੇ ਪਸ਼ੂਆਂ ਦੀ ਰੇਲਵੇ ਲਾਈਨਾਂ ਨੇੜੇ ਆਮਦ ਬੰਦ ਕਰਨ ਦਾ ਸੁਝਾਅ ਦਿੰਦਿਆਂ ਪੱਤਰ ਵਿੱਚ ਕਿਹਾ ਹੈ ਕਿ ਇਸ ਸਬੰਧੀ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ ਅਤੇ ਸੁਰੱਖਿਆ ਨਿਯਮਾਂ ਸਬੰਧੀ ਜਾਣਕਾਰੀ ਦਿੱਤੀ ਜਾਵੇ। ਉਨ੍ਹਾਂ ਇਸ ਕੰਮ ਲਈ ਸਮਾਜ ਸੇਵੀ ਸੰਸਥਾਵਾਂ ਤੇ ਪੁਲੀਸ ਵਿਭਾਗ ਦਾ ਸਹਿਯੋਗ ਲੈਣ ਲਈ ਵੀ ਕਿਹਾ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਰੇਲ ਯਾਤਰੀਆਂ ਦੀ ਸੁਰੱਖਿਆ ਲਈ ਪਸ਼ੂਆਂ ਨੂੰ ਰੇਲਵੇ ਲਾਈਨ ਤੋਂ ਦੂਰ ਰੱਖਣ ਲਈ ਲੋੜੀਂਦੇ ਕਦਮ ਉਠਾਉਣ ਸਬੰਧੀ ਯੋਗ ਕਰਵਾਈ ਕਰਨ ਲਈ ਕਿਹਾ ਹੈ।
ਡੀਆਰਐੱਮ ਨੇ ਪਸ਼ੂਆਂ ਕਾਰਨ ਜਨਵਰੀ ਤੋਂ ਅਗਸਤ ਤੱਕ ਹੋਏ ਹਾਦਸਿਆਂ ਅਤੇ ਰੇਲ ਆਵਾਜਾਈ ਪ੍ਰਭਾਵਿਤ ਹੋਣ ਦੇ ਅੰਕੜੇ ਦਿੰਦਿਆਂ ਹਾਦਸਿਆਂ ਨੂੰ ਠੱਲ੍ਹ ਪਾਉਣ ਲਈ ਸਹਿਯੋਗ ਦੇਣ ਦੀ ਮੰਗ ਕੀਤੀ ਹੈ।