ਨਿੱਜੀ ਪੱਤਰ ਪ੍ਰੇਰਕ
ਮਾਲੇਰਕੋਟਲਾ, 27 ਜੂਨ
ਸ਼੍ਰੋਮਣੀ ਅਕਾਲੀ ਦਲ ਦੀ ਜ਼ਿਲ੍ਹਾ ਮਾਲੇਰਕੋਟਲਾ ਜਥੇਬੰਦੀ ਦੇ ਵਫ਼ਦ ਵੱਲੋਂ ਅਕਾਲੀ ਦਲ ਦੀ ਕੋਰ ਕਮੇਟੀ ਦੇ ਮੈਂਬਰ ਇਕਬਾਲ ਸਿੰਘ ਝੂੰਦਾਂ ਅਤੇ ਹਲਕਾ ਇੰਚਾਰਜ ਬੀਬਾ ਜ਼ਾਹਿਦਾ ਸੁਲੇਮਾਨ ਦੀ ਅਗਵਾਈ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਂ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਸੌਂਪ ਕੇ ਮੁਸਲਮਾਨਾਂ ਨੂੰ ਜ਼ਮੀਨ-ਜਾਇਦਾਦ ਦੀ ਤਬਦੀਲ ਮਲਕੀਅਤ ਸਬੰਧੀ ਹਿਬਾਨਾਮਾ (ਗਿਫ਼ਟ) ਦੀ ਸਹੂਲਤ ਬਹਾਲ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ 15 ਦਿਨਾਂ ਦੇ ਅੰਦਰ-ਅੰਦਰ ਹਿਬਾਨਾਮਾ ਬਹਾਲ ਕਰਨ ਬਾਰੇ ਪ੍ਰਕਿਰਿਆ ਆਰੰਭ ਨਾ ਕਰਨ ਦੀ ਸੂਰਤ ਵਿੱਚ ਸ਼੍ਰੋਮਣੀ ਅਕਾਲੀ ਦਲ ਡਿਪਟੀ ਕਮਿਸ਼ਨਰ ਮਾਲੇਰਕੋਟਲਾ ਦੇ ਦਫ਼ਤਰ ਬਾਹਰ ਲਗਾਤਾਰ ਧਰਨਾ ਦੇਵੇਗਾ। ਉਨ੍ਹਾਂ ਕਿਹਾ ਕਿ ਇਸ ਮਗਰੋਂ ਵੀ ਮੰਗ ਨਾ ਮੰਨੀ ਗਈ ਤਾਂ ਪੰਜਾਬ ਹਰਿਆਣਾ ਹਾਈ ਕੋਰਟ ਦਾ ਰੁਖ਼ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦੀ ਸਰਕਾਰ ਨੇ ਮੁਸਲਮਾਨ ਭਾਈਚਾਰੇ ਦੀ ਜ਼ਮੀਨ ਲਈ ਹਿਬਾਨਾਮਾ ਦੀ ਸਹੂੁਲਤ ਦਿੱਤੀ ਗਈ ਸੀ। ਵਫ਼ਦ ਵਿੱਚ ਸ਼ਹਿਰੀ ਪ੍ਰਧਾਨ ਮੁਹੰਮਦ ਸ਼ਫ਼ੀਕ ਚੌਹਾਨ, ਚੌਧਰੀ ਮੁਹੰਮਦ ਸ਼ਮਸ਼ਾਦ, ਮੁਹੰਮਦ ਜਮੀਲ ਕਾਨੂੰਗੋ, ਅਮਜ਼ਦ ਅਲੀ, ਇਕਬਾਲ ਬਾਲਾ, ਮੁਹੰਮਦ ਅਸਲਮ ਕਿਲ੍ਹਾ ਰਹਿਮਤਗੜ੍ਹ, ਮੁਹੰਮਦ ਇਰਫ਼ਾਨ ਨੋਨਾ, ਫ਼ੈਸਲ ਖ਼ਾਨ, ਮੁਹੰਮਦ ਇਸ਼ਤਿਆਕ, ਚੌਧਰੀ ਮੁਹੰਮਦ ਰਿਜ਼ਵਾਨ ਸ਼ਾਮਲ ਸਨ।