ਪੱਤਰ ਪ੍ਰੇਰਕ
ਪਾਇਲ, 29 ਜੂਨ
ਪਾਇਲ ਇਲਾਕੇ ‘ਚ ਚੋਰੀ ਦੀਆਂ ਵਧ ਰਹੀਆਂ ਘਟਨਾਵਾਂ ਕਾਰਨ ਲੋਕਾਂ ‘ਚ ਸਹਿਮ ਦਾ ਮਾਹੌਲ ਹੈ, ਲੋਕਾਂ ਦਾ ਦੋਸ਼ ਹੈ ਕਿ ਪਾਇਲ ਪੁਲੀਸ ਚੋਰਾਂ ਖ਼ਿਲਾਫ਼ ਸ਼ਿਕੰਜਾ ਕਸਣ ਦੀ ਬਜਾਏ ਰਿਪੋਰਟ ਦੇਣ ਆਏ ਲੋਕਾਂ ਨੂੰ ਪੁੱਠੇ-ਸਿੱਧੇ ਸਵਾਲ ਕਰ ਰਹੀ ਹੈ।
ਸਮਾਜ ਸੇਵਾ ਦੇ ਖੇਤਰ ਵਿੱਚ ਯੋਗਦਾਨ ਪਾਉਣ ਵਾਲੀ ਸਲਮਾ ਸੱਲ ਨੇ ਦੱਸਿਆ ਕਿ 26 ਜੂਨ ਦੀ ਰਾਤ ਨੂੰ ਕਰੀਬ 2: 30 ਵਜੇ ਉਸ ਦੇ ਸਰਾਹਣੇ ਹੇਠੋਂ ਕਾਲੂ ਨਾਂ ਦੇ ਵਿਅਕਤੀ ਨੇ ਪਰਸ ਕੱਢਣ ਦੀ ਕੋਸ਼ਿਸ਼ ਕੀਤੀ ਪਰ ਉਸਦੇ ਜਾਗਣ ‘ਤੇ ਉਹ ਭੱਜ ਗਿਆ ਪਰ ਉਸ ਨੇ ਅਲਮਾਰੀ ‘ਚੋਂ 35 ਹਜ਼ਾਰ ਰੁਪਏ ਚੋਰੀ ਕਰ ਲਏ ਸਨ। ਉਸ ਨੇ ਇਹ ਵੀ ਦੋਸ਼ ਲਾਇਆ ਕਿ 27 ਜੂਨ ਨੂੰ ਸਵੇਰੇ ਉਹ ਪਾਇਲ ਥਾਣੇ ਚੋਰੀ ਦੀ ਰਿਪੋਰਟ ਦਰਜ ਕਰਵਾਉਣ ਗਈ ਤਾਂ ਮੁਣਸ਼ੀ ਨੇ ਥਾਣੇਦਾਰ ਕੋਲ ਭੇਜ ਦਿੱਤਾ, ਕਈ ਚੱਕਰ ਲਵਾਏ ਪਰ ਰਿਪੋਰਟ ਨਾ ਲਿਖੀ। ਅੱਜ ਜਦੋਂ ਉਹ ਐੱਸਐੱਸਪੀ ਖੰਨਾ ਦੇ ਪੇਸ਼ ਹੋਏ ਤਾਂ ਪੁਲੀਸ ਨੇ ਬੁਲਾ ਕੇ ਰਪਟ ਦਰਜ ਕੀਤੀ।
ਇਸੇ ਤਰ੍ਹਾਂ ਰਾਜ ਕੁਮਾਰ ਨੇ ਦੱਸਿਆ ਕਿ 28 ਜੂਨ ਨੂੰ ਦਿਨ ਦਿਹਾੜੇ ਉਸਦੇ ਘਰ ਵਿੱਚੋਂ ਚੋਰਾਂ ਨੇ ਸੋਨੇ ਦੀਆਂ ਵਾਲੀਆਂ, ਚਾਂਦੀ ਦਾ ਸੈੱਟ, ਚਾਂਦੀ ਦੀਆਂ ਚੂੜੀਆਂ ਅਤੇ 18 ਹਜ਼ਾਰ ਚੋਰੀ ਕਰ ਲਏ ਗਏ ਸਨ। ਇਸ ਸਬੰਧੀ ਜਦੋਂ ਉਹ ਥਾਣਾ ਪਾਇਲ ਅੰਦਰ ਚੋਰੀ ਦੀ ਰਿਪੋਰਟ ਲਿਖਵਾਉਣ ਗਏ ਤਾਂ ਪੁਲੀਸ ਵਲੋਂ ਬੇਤੁਕੇ ਸਵਾਲ ਕੀਤੇ ਗਏ। ਉਨ੍ਹਾਂ ਦੱਸਿਆਂ ਕਿ ਮੌਕਾ ਵੇਖਣ ਆਈ ਪੁਲੀਸ ਇਹ ਕਹਿ ਕੇ ਚਲੀ ਜਾਂਦੀ ਹੈ ਕਿ ਇੱਕ ਜਣਾ ਘਰ ਰਿਹਾ ਕਰੋ। ਇਸ ਬਾਰੇ ਡੀਐੱਸਪੀ ਪਾਇਲ ਹਰਸਿਮਰਤ ਸਿੰਘ ਸ਼ੇਤਰਾ ਨੇ ਕਿਹਾ ਕਿ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਜਦੋਂ ਰਿਪੋਰਟ ਲਿਖਵਾਉਣ ਆਇਆ ਨਾਲ ਘਟੀਆ ਵਿਵਹਾਰ ਕਰਨ ਬਾਰੇ ਪੁੱਛਿਆਂ ਤਾਂ ਉਨ੍ਹਾਂ ਕਿਹਾ ਕਿ ਇਸ ਬਾਰੇ ਮੁਣਸ਼ੀ ਤੇ ਐੱਸਐੱਚਓ ਨਾਲ ਵੀ ਗੱਲਬਾਤ ਕੀਤੀ ਜਾਵੇਗੀ।