ਪੱਤਰ ਪ੍ਰੇਰਕ
ਹੁਸ਼ਿਆਰਪੁਰ, 27 ਜੂਨ
ਸੀ.ਪੀ.ਆਈ (ਐਮ) ਜ਼ਿਲ੍ਹਾ ਸਕੱਤਰੇਤ ਦੀ ਮੀਟਿੰਗ ਸ਼ਹੀਦ ਚੰਨਣ ਸਿੰਘ ਧੂਤ ਭਵਨ ਵਿਖੇ ਮਹਿੰਦਰ ਕੁਮਾਰ ਬੱਢੋਆਣ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਪੰਜਾਬ ਸਰਕਾਰ ਵਲੋਂ ਗਰੀਬ ਲੋਕਾਂ ਦੇ ਨੀਲੇ ਕਾਰਡ ਕੱਟਣ ਵਿਰੁੱਧ ਜ਼ਿਲ੍ਹੇ ਭਰ ਵਿੱਚ ਧਰਨੇ ਪ੍ਰਦਰਸ਼ਨ ਕਰਨ ਦਾ ਫ਼ੈਸਲਾ ਲਿਆ ਗਿਆ। ਜ਼ਿਲ੍ਹਾ ਸਕੱਤਰ ਗੁਰਨੇਕ ਸਿੰਘ ਭੱਜਲ ਨੇ ਦੱਸਿਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨਾ ਹੋ ਕੇ ਖਾਸ ਆਦਮੀ ਪਾਰਟੀ ਦੀ ਸਰਕਾਰ ਬਣ ਗਈ ਹੈ ਕਿਉਂਕਿ ਨੀਲੇ ਕਾਰਡ ਖਾਂਦੇ-ਪੀਂਦੇ ਘਰਾਂ ਦੇ ਕੱਟਣੇ ਚਾਹੀਦੇ ਸਨ ਜਦਕਿ ਇਹ ਗਰੀਬ ਲੋਕਾਂ ਦੇ ਕੱਟ ਦਿੱਤੇ ਗਏ ਹਨ ਤੇ ਅਮੀਰ ਲੋਕਾਂ ਨੂੰ ਬਚਾਅ ਲਿਆ ਗਿਆ ਹੈ। ਉਨਾਂ ਆਖਿਆ ਕਿ ਅਫਸਰਸ਼ਾਹੀ ਆਮ ਆਦਮੀ ਪਾਰਟੀ ਦੇ ਆਗੂਆਂ ਦੇ ਇਸ਼ਾਰੇ ‘ਤੇ ਕੰਮ ਕਰਦੀ ਹੈ। ਇਹ ਵੀ ਸਾਫ ਹੈ ਕਿ ਇਹ ਗਰੀਬ ਲੋਕਾਂ ਦੇ ਕਾਰਡ ਅਫਸਰਸ਼ਾਹੀ ਨੇ ਆਮ ਆਦਮੀ ਪਾਰਟੀ ਦੇ ਆਗੂਆਂ ਦੇ ਇਸ਼ਾਰਿਆਂ ‘ਤੇ ਹੀ ਕੱਟੇ ਹਨ। ਉਨਾਂ ਦੱਸਿਆ ਕਿ 30 ਜੂਨ ਨੂੰ ਗੜ੍ਹਸ਼ੰਕਰ, 3 ਜੁਲਾਈ ਨੂੰ ਮੁਕੇਰੀਆਂ, 6 ਜੁਲਾਈ ਨੂੰ ਹੁਸ਼ਿਆਰਪੁਰ ਅਤੇ 7 ਜੁਲਾਈ ਨੂੰ ਦਸੂਹਾ ਵਿਖੇ ਵੱਡੇ ਇਕੱਠ ਕਰਕੇ ਇਸ ਦਾ ਵਿਰੋਧ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ 2024 ਦੀਆਂ ਲੋਕ ਸਭਾ ਚੋਣਾਂ ਦੌਰਾਨ ਪਾਰਟੀ ਆਨੰਦਪੁਰ ਸਾਹਿਬ ਦੀ ਚੋਣ ਲੜੇਗੀ। ਮੀਟਿੰਗ ਵਿਚ ਦਰਸ਼ਨ ਸਿੰਘ ਮੱਟੂ, ਗੁਰਮੇਸ਼ ਸਿੰਘ, ਕੰਵਲਜੀਤ ਸਿੰਘ ਰਾਜਪੁਰ ਭਾਈਆਂ ਅਤੇ ਆਸ਼ਾ ਨੰਦ ਹਾਜ਼ਰ ਸਨ।