ਪੀ.ਪੀ. ਵਰਮਾ
ਪੰਚਕੂਲਾ, 24 ਜੂਨ
ਹਰਿਆਣਾ ਦੇ ਊਰਜਾ ਅਤੇ ਜੇਲ੍ਹ ਮੰਤਰੀ ਰਣਜੀਤ ਸਿੰਘ ਚੌਟਾਲਾ ਨੇ ਜ਼ਿਲ੍ਹਾ ਬੈਡਮਿੰਟਨ ਸੰਘ ਵੱਲੋਂ ਸੈਕਟਰ-3 ਤਾਊ ਦੇਵੀ ਲਾਲ ਖੇਡ ਸਟੇਡੀਅਮ ਵਿੱਚ ਕਰਵਾਈ ਗਈ 17ਵੀਂ ਅਸ਼ਵਨੀ ਗੁਪਤਾ ਮੈਮੋਰੀਅਲ ਜ਼ਿਲ੍ਹਾ ਬੈਡਮਿੰਟਨ ਚੈਂਪੀਅਨਸ਼ਿਪ ਦੀ ਸਮਾਪਤੀ ਮੌਕੇ ਇਨਾਮ ਵੰਡ ਸਮਾਰੋਹ ਵਿੱਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।
ਇਸ ਮੌਕੇ ਸੰਬੋਧਨ ਕਰਦਿਆਂ ਸ੍ਰੀ ਚੌਟਾਲਾ ਨੇ ਕਿਹਾ ਕਿ ਸਪੋਰਟਸ ਪ੍ਰਮੋਸ਼ਨ ਸੁਸਾਇਟੀ ਪੰਚਕੂਲਾ ਅਤੇ ਅਸ਼ਵਨੀ ਗੁਪਤਾ ਮੈਮੋਰੀਅਲ ਐਸੋਸੀਏਸ਼ਨ ਪਿਛਲੇ 17 ਸਾਲਾਂ ਤੋਂ ਜ਼ਿਲ੍ਹਾ ਪੰਚਕੂਲਾ ਵਿੱਚ ਵੱਖ-ਵੱਖ ਖੇਡਾਂ ਕਰਵਾ ਕੇ ਖੇਡ ਪ੍ਰਤਿਭਾਵਾਂ ਨੂੰ ਨਿਖਾਰਨ ਦੇ ਯਤਨ ਕਰ ਰਹੀ ਹੈ। ਇਸ ਚੈਂਪੀਅਨਸ਼ਿਪ ਦੀ ਸਫਲਤਾ ਲਈ ਵਿਧਾਨ ਸਭਾ ਸਪੀਕਰ ਗਿਆਨ ਚੰਦ ਗੁਪਤਾ ਨੂੰ ਵਧਾਈ ਦਿੰਦਿਆਂ ਬਿਜਲੀ ਮੰਤਰੀ ਰਣਜੀਤ ਸਿੰਘ ਚੌਟਾਲਾ ਨੇ ਕਿਹਾ ਕਿ ਅਸ਼ਵਨੀ ਗੁਪਤਾ ਦੀ ਯਾਦ ਵਿੱਚ ਸਪੋਰਟਸ ਪ੍ਰਮੋਸ਼ਨ ਸੁਸਾਇਟੀ ਨੇ ਅੱਜ ਵੀ ਉਨ੍ਹਾਂ ਦੀ ਖੇਡ ਨੂੰ ਜਿਉਂਦਾ ਰੱਖਿਆ ਹੋਇਆ ਹੈ| ਇਹ ਖੇਡ ਸਮਾਗਮ ਨੌਜਵਾਨਾਂ ਨੂੰ ਇੱਕ ਵੱਡਾ ਪਲੈਟਫਾਰਮ ਪ੍ਰਦਾਨ ਕਰ ਰਹੇ ਹਨ ਅਤੇ ਉਹ ਵੱਖ-ਵੱਖ ਮੁਕਾਬਲਿਆਂ ਵਿੱਚ ਵਧੀਆ ਪ੍ਰਦਰਸ਼ਨ ਕਰ ਕੇ ਆਪਣੀ ਪ੍ਰਤਿਭਾ ਨੂੰ ਨਿਖਾਰਨ ਲਈ ਲਗਾਤਾਰ ਯਤਨਸ਼ੀਲ ਹਨ। ਇਸ ਮੌਕੇ ਉਨ੍ਹਾਂ ਆਪਣੇ ਅਖਤਿਆਰੀ ਫੰਡ ਵਿੱਚੋਂ ਨੌਂ ਲੱਖ ਰੁਪਏ ਦੇਣ ਦਾ ਐਲਾਨ ਵੀ ਕੀਤਾ, ਜਿਸ ਵਿੱਚੋਂ ਸਪੋਰਟਸ ਪ੍ਰਮੋਸ਼ਨ ਸੁਸਾਇਟੀ ਨੂੰ ਪੰਜ ਲੱਖ ਰੁਪਏ ਅਤੇ ਜੇਤੂ ਖਿਡਾਰੀਆਂ ਨੂੰ ਚਾਰ ਲੱਖ ਰੁਪਏ ਇਨਾਮ ਵਜੋਂ ਦਿੱਤੇ ਜਾਣਗੇ। ਇਸ ਮੌਕੇ ਸੁਸਾਇਟੀ ਦੇ ਅਹੁਦੇਦਾਰ, ਖਿਡਾਰੀ ਅਤੇ ਸਬੰਧਤ ਅਧਿਕਾਰੀ ਤੇ ਕਰਮਚਾਰੀ ਵੀ ਹਾਜ਼ਰ ਸਨ।