ਸੁੱਚਾ ਸਿੰਘ ਪਸਨਾਵਾਲ
ਧਾਰੀਵਾਲ, 22 ਜੂਨ
ਇੱਥੇ ਇੱਕ ਨਾਬਾਲਗ ਲੜਕੀ ਨਾਲ ਜਬਰ ਜਨਾਹ ਦੀ ਕੋਸ਼ਿਸ਼ ਦੇ ਦੋਸ਼ ਹੇਠ ਇਕ 62 ਸਾਲਾ ਡਿੱਪੂ ਹੋਲਡਰ ਵਿਰੁੱਧ ਥਾਣਾ ਧਾਰੀਵਾਲ ਵਿੱਚ ਕੇਸ ਦਰਜ ਕੀਤਾ ਗਿਆ ਹੈ।
ਇਸ ਸਬੰਧੀ ਮਹਿਲਾ ਇੰਸਪੈਕਟਰ ਅੰਜੂ ਬਾਲਾ ਵਿਮੈੱਨ ਸੈੱਲ ਇੰਚਾਰਜ ਥਾਣਾ ਧਾਰੀਵਾਲ ਨੇ ਦੱਸਿਆ ਕਿ ਥਾਣਾ ਧਾਰੀਵਾਲ ਅਧੀਨ ਪੈਂਦੇ ਇੱਕ ਪਿੰਡ ਦੀ ਗਿਆਰ੍ਹਵੀਂ ਜਮਾਤ ਵਿੱਚ ਪੜ੍ਹਦੀ ਨਾਬਾਲਗ ਲੜਕੀ ਨੇ ਪੁਲੀਸ ਨੂੰ ਦੱਸਿਆ ਕਿ ਉਸ ਦੀ ਮਾਤਾ ਆਸ਼ਾ ਵਰਕਰ ਹੈ ਜੋ ਆਂਗਣਵਾੜੀ ਸੈਂਟਰ ‘ਚ ਬੱਚਿਆਂ ਦਾ ਟੀਕਾਕਰਨ ਕਰਾਉਣ ਲਈ ਗਈ ਹੋਈ ਸੀ ਜਦਕਿ ਉਸਦੇ ਪਿਤਾ ਕੰਮ ‘ਤੇ ਗਏ ਹੋਏ ਸਨ। ਪਿੱਛੋਂ ਉਹ ਆਪਣੀ ਛੋਟੀ ਭੈਣ ਸਣੇ ਘਰ ਵਿੱਚ ਮੌਜੂਦ ਸੀ। ਛੋਟੀ ਭੈਣ ਵੀ ਘਰੋਂ ਬਾਹਰ ਚਰਚ ਨੇੜੇ ਪਾਣੀ ਲੈਣ ਲਈ ਚਲੀ ਗਈ ਤਾਂ ਸਵੇਰੇ ਕਰੀਬ 11 ਵਜੇ ਉਹ ਰਸੋਈ ਵਿੱਚ ਪਾਣੀ ਪੀ ਰਹੀ ਸੀ ਕਿ ਜੋਗਿੰਦਰਪਾਲ ਉਰਫ ਬਿੱਟੂ ਵਾਸੀ ਪਿੰਡ ਡੇਹਰੀਵਾਲ ਦਰੋਗਾ ਜੋ ਡਿੱਪੂ ਹੋਲਡਰ ਹੈ ਅਤੇ ਡਾਕਖਾਨੇ ਦਾ ਕੰਮ ਵੀ ਕਰਦਾ ਹੈ, ਉਨ੍ਹਾਂ ਦੇ ਘਰ ਆਇਆ। ਉਸਨੇ ਦੋਸ਼ ਲਾਇਆ ਕਿ ਉਸਨੇ ਉਸ ਨਾਲ ਜਬਰ ਜਨਾਹ ਦੀ ਕੋਸ਼ਿਸ਼ ਕੀਤੀ। ਉਸ ਨੇ ਬਹੁਤ ਰੌਲਾ ਪਾਇਆ ਅਤੇ ਰੋਣ ਲੱਗ ਪਈ। ਇੰਨੇ ਨੂੰ ਉਸਦੀ ਛੋਟੀ ਭੈਣ ਵੀ ਪਾਣੀ ਲੈ ਕੇ ਘਰ ਆ ਗਈ ਜਿਸਨੂੰ ਵੇਖ ਕੇ ਜੋਗਿੰਦਰਪਾਲ ਚਲਾ ਗਿਆ। ਉਸ ਨੂੰ ਰੋਂਦੀ ਵੇਖ ਕੇ ਉਸਦੀ ਭੈਣ ਮੰਮੀ ਨੂੰ ਬੁਲਾ ਲਿਆਈ ਤਾਂ ਉਸ ਨੇ ਸਾਰੀ ਘਟਨਾ ਬਾਰੇ ਆਪਣੀ ਮਾਤਾ ਨੂੰ ਦੱਸਿਆ। ਵਿਮੈੱਨ ਸੈੱਲ ਦੀ ਇੰਚਾਰਜ ਮਹਿਲਾ ਇੰਸਪੈਕਟਰ ਅੰਜੂ ਬਾਲਾ ਨੇ ਪੀੜਤ ਦੇ ਬਿਆਨਾਂ ‘ਤੇ ਜੋਗਿੰਦਰਪਾਲ ਵਿਰੁੱਧ ਕੇਸ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।