ਪਰਸ਼ੋਤਮ ਬੱਲੀ
ਬਰਨਾਲਾ, 27 ਜੂਨ
ਜ਼ਿਲ੍ਹੇ ਦੇ ਪਿੰਡ ਭੈਣੀ ਮਹਿਰਾਜ ਦੀ ਗ੍ਰਾਮ ਪੰਚਾਇਤ ਨੇ ਚੌਗਿਰਦੇ ਦੀ ਸੰਭਾਲ ਲਈ ਉਦਮ ਕਰਦੇ ਹੋਏ ਪਿੰਡ ਨੂੰ ਪਲਾਸਟਿਕ ਮੁਕਤ ਕਰਨ ਦਾ ਸੰਕਲਪ ਲੈਂਦਿਆਂ ‘ਪਲਾਸਟਿਕ ਕੂੜਾ ਲਿਆਓ, ਗੁੜ-ਖੰਡ ਲੈ ਜਾਓ’ ਦਾ ਨਾਅਰਾ ਦਿੱਤਾ ਹੈ। ਪਿੰਡ ਦੀ ਸੱਥ ਵਿੱਚ ਕੀਤੇ ਆਮ ਇਜਲਾਸ ਵਿੱਚ ਪਿੰਡ ਦੀ ਵਿਉਂਤਬੰਦੀ ਦਾ ਖਾਕਾ ਗ੍ਰਾਮ ਸਭਾ ਦੇ ਮੈਂਬਰਾਂ ਨੇ ਖੁਦ ਉਲੀਕਿਆ। ਔਰਤਾਂ ਦੀ ਭਰਵੀਂ ਹਾਜ਼ਰੀ ਵਾਲੇ ਆਮ ਇਜਲਾਸ ਦੀ ਪ੍ਰਧਾਨਗੀ ਚੇਅਰਪਰਸਨ ਸੁਖਵਿੰਦਰ ਕੌਰ ਨੇ ਕੀਤੀ। ਇਸ ਮੌਕੇ ਵਾਤਾਵਰਣ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦੇ ਓਐੱਸਡੀ ਹਸਨਪ੍ਰੀਤ ਭਾਰਦਵਾਜ ਹਾਜ਼ਰ ਰਹੇ। ਇਸ ਮੌਕੇ ਪਿੰਡ ਦੇ ਮੋਹਤਬਰ ਆਗੂ ਗਗਨਦੀਪ ਸਿੰਘ ਤੇ ਜਤਿੰਦਰ ਸਿੰਘ ਨੇ ਦੱਸਿਆ ਕਿ ਪਿੰਡ ਨੂੰ ਪਲਾਸਟਿਕ ਮੁਕਤ ਕਰਨ ਦੇ ਉਦੇਸ਼ ਨਾਲ ਜੋ ਪਿੰਡ ਵਾਸੀ ਪੰਚਾਇਤ ਨੂੰ ਪਲਾਸਟਿਕ ਕਚਰਾ ਦੇਣਗੇ, ਉਸ ਬਦਲੇ ਮੁਫ਼ਤ ਵਿੱਚ ਗੁੜ ਜਾਂ ਖੰਡ ਦਿੱਤੀ ਜਾਵੇਗੀ। ਸਰਬਸੰਮਤੀ ਨਾਲ ਪਾਸ ਕੀਤੇ ਗਏ ਇਸ ਕਾਰਜ ਦੀ ਸ਼ੁਰੂਆਤ 1 ਜੁਲਾਈ ਤੋਂ ਕੀਤੀ ਜਾਵੇਗੀ, ਹਰ ਤਿੰਨ ਮਹੀਨਿਆਂ ਬਾਅਦ ਲੋਕਾਂ ਤੋਂ ਪਲਾਸਟਿਕ ਕਚਰਾ ਲਿਆ ਜਾਵੇਗਾ। ਇਸ ਤੋਂ ਇਲਾਵਾ ਔਰਤਾਂ ਦੇ ਸ਼ਕਤੀਕਰਨ ਲਈ ਕਦਮ ਵਧਾਉਂਦੇ ਹੋਏ ਲਿੰਗ ਸਮਾਨਤਾ, ਔਰਤਾਂ ਨੂੰ ਬਰਾਬਰ ਦੇ ਮੌਕੇ ਮੁਹੱਈਆ ਕਰਨਾ, ਔਰਤਾਂ ਤੇ ਲੜਕੀਆਂ ਨੂੰ ਸੁਰੱਖਿਅਤ ਮਾਹੌਲ ਦੇਣ ਬਾਰੇ ਮਤੇ ਪਾਸ ਕੀਤੇ ਗਏ।
ਗੁਰਪ੍ਰੀਤ ਸਿੰਘ ਪੰਚਾਇਤ ਸਕੱਤਰ ਨੇ ਸਾਲ 2022-23 ਦੌਰਾਨ ਦਾ ਆਮਦਨ ਤੇ ਖਰਚ ਪੜ੍ਹ ਕੇ ਸੁਣਾਇਆ। ਇਸ ਤੋਂ ਇਲਾਵਾ ਆਮ ਇਜਲਾਸ ਵਿੱਚ ਪਿੰਡ ਦੇ ਚੌਤਰਫ਼ਾ ਵਿਕਾਸ ਹਿਤ ਜਿਵੇਂ ਛੱਪੜਾਂ ਦੇ ਗੰਦੇ ਪਾਣੀ ਦੇ ਹੱਲ ਲਈ ਥਾਪਰ ਮਾਡਲ ਦਾ ਨਿਰਮਾਣ ਕਰਨਾ, ਕੂੜਾ ਪ੍ਰਬੰਧਨ, ਮੀਂਹ ਦੇ ਪਾਣੀ ਦੀ ਸੰਭਾਲ, ਵਾਤਾਵਰਣ ਸੰਭਾਲ, ਕਮਿਊਨਿਟੀ ਹਾਲ ਤੇ ਲਾਇਬਰੇਰੀ ਇਮਾਰਤ ਦੀ ਉਸਾਰੀ, ਬੱਸ ਸਟੈਂਡ, ਹੈਲਥ ਡਿਸਪੈਂਸਰੀ ਦੀ ਇਮਾਰਤ, ਪਾਰਕ ਦਾ ਨਿਰਮਾਣ , ਮਹਿਲਾ ਸਭਾ ਦਾ ਗਠਨ ਆਦਿ ਸਬੰਧੀ ਮਤੇ ਪਾਸ ਕੀਤੇ ਗਏ। ਸ੍ਰੀ ਹਸਨਪ੍ਰੀਤ ਭਾਰਦਵਾਜ ਨੇ ਪੰਜਾਬ ਸਰਕਾਰ ਦੇ ਪ੍ਰਾਜੈਕਟਾਂ ਤੋਂ ਜਾਣੂ ਕਰਵਾਇਆ ਤੇ ਕਿਹਾ ਕਿ ਸਰਕਾਰ ਪਿੰਡਾਂ ਦੇ ਸਰਬਪੱਖੀ ਵਿਕਾਸ ਲਈ ਵਚਨਬੱਧ ਹੈ। ਗ੍ਰਾਮ ਸਭਾ ਮੈਂਬਰਾਂ ਨੇ ਟਿਕਾਊ ਵਿਕਾਸ ਦੇ ਦੋ ਥੀਮ ‘ਚੰਗੇ ਸ਼ਾਸਨ ਵਾਲਾ ਪਿੰਡ’ ਅਤੇ ‘ਮਹਿਲਾਵਾਂ ਦੇ ਅਨੁਕੂਲ ਪਿੰਡ’ ਦੇ ਟੀਚਿਆਂ ‘ਤੇ ਕੰਮ ਕਰਨ ਦਾ ਸੰਕਲਪ ਲਿਆ। ਇਸ ਮੌਕੇ ਜਲ਼ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੇ ਬਲਾਕ ਕੋਆਡੀਨੇਟਰ ਕੁਲਵਿੰਦਰ ਸਿੰਘ, ਪਰਮਜੀਤ ਭੁੱਲਰ ਵੀਡੀੳ, ਸਿਹਤ ਵਿਭਾਗ ਤੋਂ ਮਲਕੀਤ ਸਿੰਘ, ਪਸ਼ੂ ਪਾਲਣ ਵਿਭਾਗ ਦੇ ਕਰਮਚਾਰੀ ਗੁਰਮੇਲ ਸਿੰਘ, ਰਾਊਂਡ ਗਲਾਸ ਸੰਸਥਾ ਦੇ ਪਰੇਮਜੀਤ ਸਿੰਘ, ਪੰਚ ਜਰਨੈਲ ਸਿੰਘ, ਹਰਮੇਲ ਸਿੰਘ ਤੇ ਡਾਕਟਰ ਨਛੱਤਰ ਸਿੰਘ ਹਾਜ਼ਰ ਸਨ।