ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 24 ਜੂਨ
ਚੰਡੀਗੜ੍ਹ ਪ੍ਰਸ਼ਾਸਨ ਦੇ ਇੰਜਨੀਅਰਿੰਗ ਵਿਭਾਗ ਨੇ ਮੌਨਸੂਨ ਦੇ ਸੀਜ਼ਨ ਦੇ ਮੱਦੇਨਜ਼ਰ ਹੜ੍ਹਾਂ ਦੀ ਰੋਕਥਾਮ ਲਈ ਅੱਜ ਸ਼ਹਿਰ ‘ਚ ਵੱਖ-ਵੱਖ ਥਾਈਂ ਲੋੜੀਂਦੇ ਪ੍ਰਬੰਧਾਂ ਦੀ ਜਾਂਚ ਕੀਤੀ। ਇਸੇ ਦੌਰਾਨ ਅੱਜ ਸਵੇਰੇ ਸੁਖਨਾ ਝੀਲ ਦੇ ਰੈਗੂਲੇਟਰੀ ਐਂਡ ‘ਤੇ ਸਥਿਤ ਫਲੱਡ ਗੇਟਾਂ ਨੂੰ ਖੋਲ੍ਹ ਕੇ ਜਾਂਚਿਆ ਗਿਆ। ਇਸ ਦੇ ਨਾਲ ਹੀ ਸੁਖਨਾ ਝੀਲ ‘ਤੇ 24 ਘੰਟੇ ਚੌਕਸੀ ਵਧਾ ਦਿੱਤੀ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸੁਖਨਾ ਝੀਲ ‘ਚ ਜ਼ਿਆਦਾਤਰ ਪਾਣੀ ਹਿਮਾਚਲ ਪ੍ਰਦੇਸ਼ ਤੇ ਹਰਿਆਣਾ ਦੇ ਪੰਚਕੂਲਾ ਸ਼ਹਿਰ ਦੇ ਆਲੇ-ਦੁਆਲੇ ਸਥਿਤ ਪਿੰਡਾਂ ਦਾ ਆਉਂਦਾ ਹੈ। ਉੱਧਰ ਮੌਸਮ ਵਿਭਾਗ ਵੱਲੋਂ ਮੀਂਹ ਦੀ ਪੇਸ਼ੀਨਗੋਈ ਕੀਤੇ ਜਾਣ ਕਰ ਕੇ ਯੂਟੀ ਪ੍ਰਸ਼ਾਸਨ ਨੇ ਸੁਖਨਾ ਝੀਲ ‘ਤੇ ਚੌਕਸੀ ਵਧਾ ਦਿੱਤੀ ਹੈ। ਇਸ ਤੋਂ ਇਲਾਵਾ ਸੁਖਨਾ ਝੀਲ ਦੇ ਰੈਗੂਲੇਟਰ ਐਂਡ ‘ਤੇ ਝੀਲ ਦੇ ਨਿਕਾਸ ਦੀ ਨਿਗਰਾਨੀ ਕਰਨ ਲਈ ਚੰਡੀਗੜ੍ਹ, ਮੁਹਾਲੀ ਅਤੇ ਪੰਚਕੂਲਾ ਦੇ ਸਬੰਧਤ ਡਿਪਟੀ ਕਮਿਸ਼ਨਰਾਂ ਨਾਲ ਤਾਲਮੇਲ ਕਰਨ ਲਈ ਕੰਟਰੋਲ ਰੂਮ ਵੀ ਸਥਾਪਤ ਕਰ ਦਿੱਤਾ ਗਿਆ ਹੈ ਤਾਂ ਜੋ ਸੁਖਨਾ ਝੀਲ ਤੋਂ ਜ਼ਿਆਦਾ ਪਾਣੀ ਨਿਕਲਣ ਦੀ ਸਥਿਤੀ ਵਿਚ ਫਲੱਡ ਗੇਟ ਖੋਲ੍ਹਣ ਸਮੇਂ ਸਹੀ ਸੰਚਾਰ ਕੀਤਾ ਜਾ ਸਕੇ।