ਪੱਤਰ ਪ੍ਰੇਰਕ
ਲਹਿਰਾਗਾਗਾ, 24 ਜੂਨ
ਹਲਕਾ ਲਹਿਰਾ ਦੇ ਕਸਬਾ ਖਨੌਰੀ ‘ਚੋਂ ਗੁਜ਼ਰਦੀ ਭਾਖੜਾ ਨਹਿਰ ਵਿਚ ਬੀਤੇ ਦਿਨ ਟਰੈਕਟਰ ਡਿੱਗਣ ਕਾਰਨ ਦੋ ਮਜ਼ਦੂਰ ਔਰਤਾਂ ਤੇ ਇੱਕ ਲੜਕੀ ਦੀ ਮੌਤ ਹੋ ਗਈ ਸੀ, ਜਿਨ੍ਹਾਂ ਦੀਆਂ ਲਾਸ਼ਾਂ ਦੀ ਭਾਲ ਕੀਤੀ ਜਾ ਰਹੀ ਹੈ। ਅੱਜ ਹਲਕਾ ਵਿਧਾਇਕ ਐਡਵੋਕੇਟ ਬਰਿੰਦਰ ਗੋਇਲ ਨੇ ਪੀੜਤ ਪਰਿਵਾਰਾਂ ਨਾਲ ਮੁਲਾਕਾਤ ਕੀਤੀ ਅਤੇ ਘਟਨਾ ਸਥਾਨ ‘ਤੇ ਪਹੁੰਚ ਕੇ ਪੁਲੀਸ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਕੋਲੋਂ ਲਾਸ਼ਾਂ ਲੱਭਣ ਸਬੰਧੀ ਚੱਲ ਰਹੇ ਕਾਰਜਾਂ ਦੀ ਜਾਣਕਾਰੀ ਲਈ। ਇਸ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿਧਾਇਕ ਨੇ ਘਟਨਾ ਨੂੰ ਅਤਿ ਦੁਖਦਾਈ ਅਤੇ ਮੰਦਭਾਗੀ ਦੱਸਦਿਆਂ ਕਿਹਾ ਕਿ ਲਾਸ਼ਾਂ ਨੂੰ ਲੱਭਣ ਲਈ ਐੱਨਡੀਆਰਐੱਫ਼ ਦੀ ਟੀਮ ਜੰਗੀ ਪੱਧਰ ‘ਤੇ ਕੰਮ ਕਰ ਰਹੀ ਹੈ। ਇਸ ਮੌਕੇ ਵਿਧਾਇਕ ਗੋਇਲ ਨੇ ਐਲਾਨ ਕੀਤਾ ਹਾਦਸੇ ਦੌਰਾਨ ਕੀਮਤੀ ਜਾਨਾਂ ਬਚਾਉਣ ਵਾਲੇ ਵਿਅਕਤੀਆਂ ਦਾ ਪੰਜਾਬ ਸਰਕਾਰ ਵੱਲੋਂ ਵਿਸ਼ੇਸ਼ ਸਨਮਾਨ ਕੀਤਾ ਜਾਵੇਗਾ।
ਬੀਬੀ ਭੱਠਲ ਵੱਲੋਂ ਦੁੱਖ ਦਾ ਪ੍ਰਗਟਾਵਾ
ਪਿੰਡ ਮਨਿਆਣਾ ਦੀਆਂ ਤਿੰਨ ਮਜ਼ਦੂਰ ਔਰਤਾਂ ਦੀ ਭਾਖੜਾ ਨਹਿਰ ਵਿਚ ਡੁੱਬਣ ਕਾਰਨ ਹੋਈ ਮੌਤ ‘ਤੇ ਪੰਜਾਬ ਦੀ ਸਾਬਕਾ ਮੁੱਖ ਮੰਤਰੀ ਬੀਬੀ ਰਾਜਿੰਦਰ ਕੌਰ ਭੱਠਲ ਅਤੇ ਉਨ੍ਹਾਂ ਦੇ ਸਪੁੱਤਰ ਰਾਹੁਲ ਇੰਦਰ ਸਿੰਘ ਸਿੱਧੂ ਭੱਠਲ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ। ਇਸ ਦੇ ਨਾਲ ਹੀ ਉਨ੍ਹਾਂ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਇਨ੍ਹਾਂ ਭੈਣਾਂ ਦੇ ਪਰਿਵਾਰਾਂ ਦੀ ਵੱਧ ਤੋਂ ਵੱਧ ਆਰਥਿਕ ਮੱਦਦ ਕੀਤੀ ਜਾਵੇ।