ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 24 ਜੂਨ
ਦਿੱਲੀ ਵਿਚ ਪਾਣੀ ਦੀ ਭਾਰੀ ਕਿੱਲਤ ਅਤੇ ਗੰਦੇ ਪਾਣੀ ਦੀ ਸਪਲਾਈ ਦੇ ਵਿਰੋਧ ਵਿੱਚ ਅੱਜ ਦਿੱਲੀ ਭਾਜਪਾ ਵਰਕਰਾਂ ਨੇ ਸੂਬਾ ਪ੍ਰਧਾਨ ਵਰਿੰਦਰ ਸਚਦੇਵਾ ਦੀ ਅਗਵਾਈ ਹੇਠ ਦਿੱਲੀ ਜਲ ਬੋਰਡ ਦੇ ਹੈੱਡਕੁਆਰਟਰ ਅੱਗੇ ਧਰਨਾ ਦਿੱਤਾ। ਜਾਣਕਾਰੀ ਅਨੁਸਾਰ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਰਾਮਵੀਰ ਸਿੰਘ ਬਿਧੂੜੀ, ਸੰਸਦ ਮੈਂਬਰ ਰਮੇਸ਼ ਬਿਧੂੜੀ ਤੇ ਪ੍ਰਵੇਸ਼ ਸਾਹਿਬ ਸਿੰਘ, ਦਿੱਲੀ ਨਗਰ ਨਿਗਮ ਵਿੱਚ ਵਿਰੋਧੀ ਧਿਰ ਦੇ ਆਗੂ ਰਾਜਾ ਇਕਬਾਲ ਸਿੰਘ, ਸੀਨੀਅਰ ਆਗੂ ਪਵਨ ਸ਼ਰਮਾ, ਵਿਧਾਇਕ ਵਿਜੇਂਦਰ ਗੁਪਤਾ ਆਦਿ ਝੰਡੇਵਾਲ ਮੰਦਰ ਨੇੜੇ ਇਕੱਠੇ ਹੋਏ। ਇਸ ਦੌਰਾਨ ਪ੍ਰਦਰਸ਼ਨਕਾਰੀ ਮਾਰਚ ਕਰਦੇ ਹੋਏ ਦਿੱਲੀ ਜਲ ਬੋਰਡ ਹੈੱਡਕੁਆਰਟਰ ਦੇ ਮੁੱਖ ਗੇਟ ਵੱਲ ਵਧੇ, ਜਿੱਥੇ ਪੁਲੀਸ ਸਚਦੇਵਾ ਅਤੇ ਬਿਧੂੜੀ ਸਮੇਤ ਭਾਜਪਾ ਵਰਕਰਾਂ ਨੂੰ ਗ੍ਰਿਫਤਾਰ ਕਰ ਕੇ ਥਾਣਾ ਪਹਾੜਗੰਜ ਲੈ ਗਈ। ਕੁਝ ਸਮੇਂ ਬਾਅਦ ਉਨ੍ਹਾਂ ਨੂੰ ਚਿਤਾਵਨੀ ਦੇ ਕੇ ਛੱਡ ਦਿੱਤਾ ਗਿਆ।
ਇਸ ਦੌਰਾਨ ਵਰਿੰਦਰ ਸਚਦੇਵਾ ਨੇ ਕਿਹਾ ਕਿ ਦਿੱਲੀ ਜਲ ਬੋਰਡ ਅੱਜ ਪੂਰੀ ਤਰ੍ਹਾਂ ਦੀਵਾਲੀਆ ਹੋ ਚੁੱਕਾ ਹੈ। 2014-15 ‘ਚ ਇਹ ਬੋਰਡ ਮੁਨਾਫੇ ‘ਚ ਸੀ। ਉਨ੍ਹਾਂ ਕਿਹਾ ਕਿ ਦਵਾਰਕਾ ਦੇ ਲੋਕ ਸੜਕਾਂ ‘ਤੇ ਹਨ। ਸੰਗਮ ਵਿਹਾਰ ‘ਚ ਪਾਣੀ ਨਹੀਂ ਹੈ ਅਤੇ ਕੋਂਡਲੀ ‘ਚ ਗੰਦੇ ਪਾਣੀ ਕਾਰਨ ਲੋਕ ਬਿਮਾਰ ਹੋ ਰਹੇ ਹਨ। ਸਚਦੇਵਾ ਨੇ ਕਿਹਾ ਕਿ ਜਲ ਬੋਰਡ ਨੂੰ ਹਰ ਸਾਲ 800 ਕਰੋੜ ਰੁਪਏ ਦਾ ਨੁਕਸਾਨ ਹੋ ਰਿਹਾ ਹੈ। ਕੇਜਰੀਵਾਲ ਜਾਣਬੁੱਝ ਕੇ ਗੰਦਾ ਪਾਣੀ ਦਿੰਦੇ ਹਨ ਤਾਂ ਜੋ ਲੋਕ ਟੈਂਕਰਾਂ ਦੀ ਵਰਤੋਂ ਕਰਨ। ਟੈਂਕਰਾਂ ਤੋਂ ਪਾਣੀ ਲੈਣ ਲਈ ਅਕਸਰ ਝਗੜੇ ਹੁੰਦੇ ਰਹਿੰਦੇ ਹਨ। ਸਚਦੇਵਾ ਨੇ ਦੱਸਿਆ ਕਿ ਇੱਕ ਪ੍ਰਾਪਰਟੀ ਦੋ ਸਾਲਾਂ ਤੋਂ ਬੰਦ ਪਈ ਹੈ ਪਰ ਇਸ ਦਾ ਬਿੱਲ 2.71 ਲੱਖ ਰੁਪਏ ਤੋਂ ਵੱਧ ਆਇਆ ਹੈ। ਇਸ ਤਰ੍ਹਾਂ ਜਲ ਬੋਰਡ ਟੈਂਕਰ ਦੇ 500 ਹੈਲਪਰਾਂ ਨੂੰ ਪਿਛਲੇ ਅੱਠ ਮਹੀਨਿਆਂ ਤੋਂ ਤਨਖਾਹ ਨਹੀਂ ਮਿਲੀ। ਸਚਦੇਵਾ ਨੇ ਇਸ ਬਾਰੇ ਟਵੀਟ ਕੀਤਾ, ”ਅੱਜ ਦਿੱਲੀ ਜਲ ਬੋਰਡ ਦੇ ਹੈੱਡਕੁਆਰਟਰ ਅੱਗੇ ਅਸੀਂ ਦਿੱਲੀ ਵਿੱਚ ਪੀਣ ਵਾਲੇ ਪਾਣੀ ਦੀ ਕਮੀ ਨੂੰ ਲੈ ਕੇ ਕੇਜਰੀਵਾਲ ਸਰਕਾਰ ਖਿਲਾਫ ਪ੍ਰਦਰਸ਼ਨ ਕੀਤਾ। ਦਿੱਲੀ ‘ਚ ਪਾਣੀ ਦੀ ਸਥਿਤੀ ਇੰਨੀ ਮਾੜੀ ਹੋ ਗਈ ਹੈ ਕਿ ਪੌਸ਼ ਸਿਵਲ ਲਾਈਨ ਖੇਤਰ, ਜਿੱਥੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਰਹਿੰਦੇ ਹਨ, ਦੀਆਂ ਟੂਟੀਆਂ ਸੁੱਕੀਆਂ ਹਨ ਅਤੇ ਜੋ ਪਾਣੀ ਆਉਂਦਾ ਹੈ, ਉਹ ਵੀ ਪੀਣ ਯੋਗ ਨਹੀਂ ਹੈ। ਅਜਿਹੇ ਮੁੱਖ ਮੰਤਰੀ ਲਈ ਸ਼ਰਮ ਵਾਲੀ ਗੱਲ ਹੈ ਕਿ ਉਹ ਆਪਣੇ ਲਈ ਸ਼ੀਸ਼ਮਹਿਲ ਬਣਾਉਂਦੇ ਹਨ ਪਰ ਦਿੱਲੀ ਦੇ ਲੋਕਾਂ ਨੂੰ ਸਾਫ ਪਾਣੀ ਦੇਣ ਦੇ ਵੀ ਸਮਰੱਥ ਨਹੀਂ ਹਨ। ਅਸੀਂ ਇਸੇ ਤਰ੍ਹਾਂ ਲੋਕਾਂ ਦੇ ਹਿੱਤਾਂ ਲਈ ਲੜਦੇ ਰਹਾਂਗੇ ਅਤੇ ਕੇਜਰੀਵਾਲ ਸਰਕਾਰ ਦੀ ਨਾਕਾਮੀ ਅਤੇ ਭ੍ਰਿਸ਼ਟ ਸਰਕਾਰ ਦਾ ਪਰਦਾਫਾਸ਼ ਕਰਦੇ ਰਹਾਂਗੇ।”
ਰਾਮਵੀਰ ਸਿੰਘ ਬਿਧੂੜੀ ਨੇ ਕਿਹਾ ਕਿ ਕੇਜਰੀਵਾਲ ਵੱਲੋਂ ਦਿੱਲੀ ਵਾਸੀਆਂ ਨੂੰ 24 ਘੰਟੇ ਸਾਫ਼ ਪਾਣੀ ਮੁਹੱਈਆ ਕਰਵਾਉਣ ਦੇ ਵਾਅਦੇ ਤੋਂ ਬਾਅਦ ਜਦੋਂ ਲੋਕਾਂ ਦੇ ਘਰਾਂ ‘ਚੋਂ 7500 ਸੈਂਪਲ ਲਏ ਗਏ ਤਾਂ 2500 ਸੈਂਪਲ ਫੇਲ੍ਹ ਹੋ ਗਏ। ਸੰਸਦ ਮੈਂਬਰ ਪ੍ਰਵੇਸ਼ ਸਾਹਿਬ ਸਿੰਘ, ਨਗਰ ਨਿਗਮ ‘ਚ ਵਿਰੋਧੀ ਧਿਰ ਦੇ ਨੇਤਾ ਰਾਜਾ ਇਕਬਾਲ ਸਿੰਘ ਅਤੇ ਵਿਜੇਂਦਰ ਗੁਪਤਾ ਨੇ ਕਿਹਾ ਕਿ ਦਿੱਲੀ ‘ਚ ਪਾਣੀ ਦੀ ਸਮੱਸਿਆ ਇੰਨੀ ਵੱਧ ਗਈ ਹੈ ਕਿ ਲੋਕ ਸੜਕਾਂ ‘ਤੇ ਲੰਮੀਆਂ ਕਤਾਰਾਂ ‘ਚ ਖੜ੍ਹਨ ਲਈ ਮਜਬੂਰ ਹਨ। ਜ਼ਿਕਰਯੋਗ ਹੈ ਕਿ ਕੇਜਰੀਵਾਲ ਨੇ 14 ਜੂਨ ਨੂੰ ਕਿਹਾ ਸੀ ਕਿ ਅਗਲੇ ਦੋ-ਤਿੰਨ ਸਾਲਾਂ ਵਿੱਚ ਦਿੱਲੀ ਦਾ ਪਾਣੀ ਸੰਕਟ ਹੱਲ ਹੋ ਜਾਵੇਗਾ।