ਪੱਤਰ ਪ੍ਰੇਰਕ
ਮਾਛੀਵਾੜਾ, 23 ਜੂਨ
ਮੁੱਢਲੇ ਸਿਹਤ ਕੇਂਦਰ ਮਾਛੀਵਾੜਾ ਸਾਹਿਬ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ. ਜਸਦੇਵ ਸਿੰਘ ਦੇ ਦਿਸ਼ਾ-ਨਿਰਦੇਸ਼ਾ ‘ਤੇ ਟੀਮ ਵੱਲੋਂ ਅੱਜ ਫਲ, ਸਬਜ਼ੀਆਂ, ਫਾਸਟ ਫੂਡ ਵਾਲੀਆਂ ਰੇਹੜੀਆਂ, ਮੀਟ ਮਾਰਕੀਟ ਅਤੇ ਮੱਛੀ ਦੀਆਂ ਦੁਕਾਨਾਂ ਦਾ ਦੌਰਾ ਕੀਤਾ ਗਿਆ। ਟੀਮ ਵਲੋਂ ਮੌਕੇ ‘ਤੇ ਖਰਾਬ ਫਲ, ਸਬਜ਼ੀਆਂ, ਪਹਿਲਾਂ ਤੋਂ ਬਣਾਇਆ ਜੂਸ/ਸ਼ੇਕ, ਮਿਆਦ ਲੰਘੇ ਸੋਫਟ ਡਰਿੰਕ, ਖੁੱਲ੍ਹੇ ਵਿੱਚ ਲੱਗੀਆਂ ਫਾਸਟ ਫੂਡ ਦੀਆਂ ਦੁਕਾਨਾਂ ਦਾ ਖੁੱਲ੍ਹਾ ਪਿਆ ਸਾਮਾਨ ਨਸ਼ਟ ਕਰਵਾਇਆ ਗਿਆ। ਸਿਹਤ ਵਿਭਾਗ ਦੀ ਟੀਮ ਵੱਲੋਂ ਸ਼ਹਿਰ ਦੀ ਇੱਕ ਨਾਮੀ ਦੁਕਾਨ ‘ਚੋਂ ਪਹਿਲਾਂ ਤੋਂ ਹੀ ਸ਼ੇਕ ਬਣਾਉਣ ਲਈ ਕੱਟ ਕੇ ਰੱਖੇ ਅੰਬ, ਪੁਰਾਣੇ ਕੇਲੇ ਅਤੇ ਹੋਰ ਫਲ ਨਸ਼ਟ ਕਰਾਏ। ਮੀਟ ਮਾਰਕੀਟ ‘ਚੋਂ ਪਹਿਲਾਂ ਤੋਂ ਕੱਟ ਕੇ ਰੱਖਿਆ ਮੀਟ, ਤਲਨ ਲਈ ਪੁਰਾਣਾ ਤੇਲ, ਹੋਰ ਸਾਮਾਨ ਅਤੇ ਮੱਛੀ ਵਾਲੀਆਂ ਦੁਕਾਨਾਂ ਤੋਂ ਮੱਛੀਆਂ ਸੁਟਵਾਈਆਂ ਗਈਆਂ। ਉਨ੍ਹਾਂ ਦੁਕਾਨਾਂ ‘ਤੇ ਕੰਮ ਕਰਨ ਵਾਲਿਆਂ ਨੂੰ ਮਾਸਕ, ਗਲਵਜ਼ ਪਾ ਕੇ ਕੰਮ ਕਰਨ ਅਤੇ ਸਾਮਾਨ ਤਾਜ਼ਾ, ਸਾਫ਼ ਸੁਥਰਾ ਤੇ ਢੱਕ ਕੇ ਰੱਖਣ ਦੀ ਹਦਾਇਤ ਕੀਤੀ।