ਸੰਤੋਖ ਗਿੱਲ
ਗੁਰੂਸਰ ਸੁਧਾਰ, 25 ਜੂਨ
ਰਾਜੋਆਣਾ ਪਿੰਡ ਵਿੱਚ ਘਰ ਵਿੱਚ ਦਾਖਲ ਹੋ ਕੇ ਪਰਿਵਾਰ ਦੀ ਕੁੱਟਮਾਰ ਅਤੇ ਸਾਮਾਨ ਚੁੱਕ ਕੇ ਲੈ ਜਾਣ ਦੇ ਮਾਮਲੇ ਵਿੱਚ ਸਾਲਾਂ-ਬੱਧੀ ਢਿੱਲੀ ਕਾਰਗੁਜ਼ਾਰੀ ਦੇ ਮਾਮਲੇ ਅਤੇ ਨਾਕਿਆਂ ਉੱਪਰ ਪੁਲੀਸ ਵੱਲੋਂ ਲੋਕਾਂ ਨਾਲ ਦੁਰਵਿਵਹਾਰ ਕਰਨ ਵਿਰੁੱਧ ਮਜ਼ਦੂਰ ਜਥੇਬੰਦੀਆਂ ਵੱਲੋਂ 30 ਜੂਨ ਨੂੰ ਥਾਣਾ ਸੁਧਾਰ ਸਾਹਮਣੇ ਰੋਸ ਪ੍ਰਦਰਸ਼ਨ ਦਾ ਸੱਦਾ ਦਿੱਤਾ ਗਿਆ ਹੈ। ਸੀਟੂ ਦੇ ਸੂਬਾ ਸਕੱਤਰ ਦਲਜੀਤ ਕੁਮਾਰ ਗੋਰਾ, ਮਨਰੇਗਾ ਮਜ਼ਦੂਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਪ੍ਰਕਾਸ਼ ਸਿੰਘ ਬਰ੍ਹਮੀ, ਸੰਤੋਖ ਸਿੰਘ ਹਲਵਾਰਾ, ਗੁਰਪ੍ਰੀਤ ਸਿੰਘ ਟੂਸਾ ਅਤੇ ਸੁਨੀਲ ਕੁਮਾਰ ਸੇਨ ਨੇ ਥਾਣਾ ਸੁਧਾਰ ਸਾਹਮਣੇ ਨਾਅਰੇਬਾਜ਼ੀ ਕਰਦਿਆਂ ਦੋਸ਼ ਲਾਇਆ ਕਿ ਦੋ ਸਾਲ ਬਾਅਦ ਵੀ ਪਤਾ ਹੋਣ ਦੇ ਬਾਵਜੂਦ ਸਾਮਾਨ ਬਰਾਮਦ ਨਹੀਂ ਕੀਤਾ ਹੈ ਅਤੇ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਵੀ ਨਹੀਂ ਕੀਤੀ ਜਾ ਰਹੀ। ਉਨ੍ਹਾਂ ਪੁਲੀਸ ਅਧਿਕਾਰੀਆਂ ਵੱਲੋਂ ਨਾਕਿਆਂ ਉੱਪਰ ਆਮ ਲੋਕਾਂ ਨੂੰ ਖੱਜਲ-ਖ਼ੁਆਰ ਕਰਨ ਦੀ ਵੀ ਨਿੰਦਾ ਕੀਤੀ ਹੈ। ਸੀਟੂ ਆਗੂਆਂ ਨੇ ਥਾਣੇ ਸਾਹਮਣੇ ਨਾਅਰੇਬਾਜ਼ੀ ਕਰਦਿਆਂ ਕਿਹਾ ਕਿ ਪਿੰਡ ਰਾਜੋਆਣਾ ਦੇ ਗ਼ਰੀਬ ਪਰਿਵਾਰ ਦੀ ਕੁੱਟਮਾਰ ਅਤੇ ਸਾਰਾ ਘਰੇਲੂ ਸਾਮਾਨ ਦਿਨ ਦਿਹਾੜੇ ਚੁੱਕ ਕੇ ਲਿਜਾਣ ਵਾਲੇ ਮੁਲਜ਼ਮ ਸਾਲਾਂ ਤੋਂ ਖੁੱਲ੍ਹੇ ਘੁੰਮ ਰਹੇ ਹਨ ਅਤੇ ਉਲਟਾ ਪੁਲੀਸ ਪੀੜਤ ਪਰਿਵਾਰ ਨੂੰ ਪ੍ਰੇਸ਼ਾਨ ਕਰ ਰਹੀ ਹੈ। ਸੀਟੂ ਆਗੂਆਂ ਨੇ ਇਹ ਵੀ ਦੋਸ਼ ਲਾਇਆ ਕਿ ਨਾਕਿਆਂ ਉੱਪਰ ਪੁਲੀਸ ਅਧਿਕਾਰੀ ਲੋਕਾਂ ਨਾਲ ਦੁਰਵਿਵਹਾਰ ਕਰ ਰਹੇ ਹਨ ਅਤੇ ਬਿਨਾਂ ਵਜ੍ਹਾ ਖੱਜਲ-ਖ਼ੁਆਰ ਕੀਤਾ ਜਾ ਰਿਹਾ ਹੈ। ਇਸ ਸਬੰਧੀ ਥਾਣਾ ਮੁਖੀ ਇੰਸਪੈਕਟਰ ਜਰਨੈਲ ਸਿੰਘ ਨੇ ਕਿਹਾ ਕਿ ਥਾਣੇਦਾਰ ਗੁਰਮੀਤ ਸਿੰਘ ਖ਼ਿਲਾਫ਼ ਰਿਪੋਰਟ ਉੱਚ ਅਧਿਕਾਰੀਆਂ ਨੂੰ ਭੇਜੀ ਗਈ ਹੈ ਅਤੇ ਉਨ੍ਹਾਂ ਮੁਲਜ਼ਮਾਂ ਨੂੰ ਜਲਦ ਗ੍ਰਿਫ਼ਤਾਰ ਕਰਨ ਦਾਅਵਾ ਕੀਤਾ। ਉਨ੍ਹਾਂ ਨਾਕਿਆਂ ਉੱਪਰ ਦੁਰਵਿਵਹਾਰ ਦੇ ਦੋਸ਼ਾਂ ਨੂੰ ਨਕਾਰਿਆ ਹੈ।