ਨਿੱਜੀ ਪੱਤਰ ਪ੍ਰੇਰਕ
ਘਨੌਰ, 27 ਜੂਨ
ਇੱਥੇ ਘਨੌਰ-ਬਹਾਦਰਗੜ੍ਹ ਮਾਰਗ ਨਜ਼ਦੀਕ ਪਿੰਡ ਬਘੋਰਾ ਕੋਲ ਟਰੱਕ ਵੱਲੋਂ ਸਕੂਟਰੀ ਨੂੰ ਟੱਕਰ ਮਾਰਨ ‘ਤੇ ਇਕ ਵਿਦਿਆਰਥਣ ਹਲਾਕ ਹੋ ਗਈ ਜਦੋਂ ਕਿ ਉਸ ਦੀ ਚਚੇਰੀ ਭੈਣ ਜ਼ਖ਼ਮੀ ਹੋ ਗਈ। ਪੁਲੀਸ ਨੇ ਟਰੱਕ ਨੰਬਰ ਪੀਬੀ 11 ਸੀਪੀ-2197 ਨੂੰ ਕਬਜ਼ੇ ਵਿਚ ਲੈ ਲਿਆ ਜਦੋਂ ਕਿ ਟਰੱਕ ਡਰਾਈਵਰ ਫ਼ਰਾਰ ਦੱਸਿਆ ਜਾ ਰਿਹਾ ਹੈ। ਚਰਨੀਤ ਸਿੰਘ ਪੁੱਤਰ ਸਾਧਾ ਸਿੰਘ ਵਾਸੀ ਪਿੰਡ ਬਘੋਰਾ ਥਾਣਾ ਘਨੌਰ ਨੇ ਦੱਸਿਆ ਕਿ ਉਸ ਦੀ ਪੁੱਤਰੀ ਕੋਮਲਪ੍ਰੀਤ ਕੌਰ ਉਸ ਦੀ ਭਤੀਜੀ ਹਰਲੀਨ ਕੌਰ ਨਾਲ ਸਕੂਟਰੀ ਰਾਹੀਂ ਗੁਰਦੁਆਰੇ ਮੱਥਾ ਟੇਕਣ ਲਈ ਜਾ ਰਹੀਆਂ ਸਨ। ਜਦੋਂ ਉਹ ਪਿੰਡ ਬਘੋਰਾ ਕੋਲ ਪਹੁੰਚੀਆਂ ਤਾਂ ਗਲਤ ਸਾਈਡ ਤੋਂ ਆਇਆ ਟਰੱਕ ਉਨ੍ਹਾਂ ਦੀ ਸਕੂਟਰੀ ਵਿਚ ਆਣ ਵੱਜਿਆ। ਇਸ ਘਟਨਾ ਵਿਚ ਉਸ ਦੀ ਪੁੱਤਰੀ ਅਤੇ ਭਤੀਜੀ ਜ਼ਖ਼ਮੀ ਹੋ ਗਈਆਂ। ਦੋਵੇਂ ਜ਼ਖ਼ਮੀਆਂ ਨੂੰ ਸਿਵਲ ਹਸਪਤਾਲ ਘਨੌਰ ਲਿਆਂਦਾ ਗਿਆ ਜਿੱਥੋਂ ਡਾਕਟਰਾਂ ਨੇ ਉਨ੍ਹਾਂ ਨੂੰ ਮੁਢਲੀ ਸਹਾਇਤਾ ਦੇ ਕੇ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਲਈ ਰੈਫ਼ਰ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਜ਼ਖ਼ਮਾਂ ਦੀ ਤਾਬ ਨਾ ਝੱਲਦਿਆਂ ਕੋਮਲਪ੍ਰੀਤ ਰਸਤੇ ਵਿਚ ਹੀ ਦਮ ਤੋੜ ਗਈ। ਹਰਲੀਨ ਕੌਰ ਅਜੇ ਵੀ ਜ਼ੇਰੇ ਇਲਾਜ ਹੈ ਜਿਸ ਦੀ ਹਾਲਤ ਨਾਜ਼ੁਕ ਹੈ। ਪੁਲੀਸ ਨੇ ਚਰਨੀਤ ਸਿੰਘ ਦੇ ਬਿਆਨਾਂ ਦੇ ਆਧਾਰ ‘ਤੇ ਅਣਪਛਾਤੇ ਡਰਾਈਵਰ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।
ਦਰਜੀ ਦਾ ਕਤਲ, ਨੌਕਰ ਮੌਕੇ ਤੋਂ ਫ਼ਰਾਰ
ਰਾਜਪੁਰਾ (ਨਿੱਜੀ ਪੱਤਰ ਪ੍ਰੇਰਕ): ਇੱਥੋਂ ਦੇ ਗਗਨ ਚੌਕ ਨੇੜੇ ਟੇਲਰ ਮਾਸਟਰ ਦਾ ਬੀਤੀ ਰਾਤ ਭੇਤਭਰੀ ਹਾਲਤ ਵਿਚ ਕਤਲ ਹੋ ਗਿਆ। ਟੇਲਰ ਮਾਸਟਰ ਕੋਲ ਕੰਮ ਕਰਦਾ ਨੌਕਰ ਫ਼ਰਾਰ ਹੈ। ਇਸ ਕਾਰਨ ਪੁਲੀਸ ਦੀ ਨੌਕਰ ‘ਤੇ ਸ਼ੱਕ ਦੀ ਸੂਈ ਘੁੰਮ ਰਹੀ ਹੈ। ਡੀਐੱਸਪੀ ਰਾਜਪੁਰਾ ਸੁਰਿੰਦਰ ਮੋਹਨ ਨੇ ਦੱਸਿਆ ਕਿ ਸੂਚਨਾ ਮਿਲੀ ਕਿ ਗਗਨ ਚੌਕ ‘ਤੇ ਆਊਟ ਫਿਟ ਨਾਮੀ ਦਰਜ਼ੀ ਦੀ ਦੁਕਾਨ ‘ਤੇ ਦੁਕਾਨ ਦੇ ਮਾਲਕ ਮੁਹੰਮਦ ਕੋਸਰ ਅੰਨਸਾਰੀ ਜ਼ਿਲ੍ਹਾ ਮਗੇਰ ਬਿਹਾਰ ਦੀ ਖ਼ੂਨ ਨਾਲ ਲੱਥਪੱਥ ਲਾਸ਼ ਪਈ ਹੈ। ਪੁਲੀਸ ਨੇ ਮੌਕੇ ‘ਤੇ ਜਾ ਕੇ ਦੇਖਿਆ ਤਾਂ ਅੰਨਸਾਰੀ ਦੇ ਸਰੀਰ ਅਤੇ ਗਰਦਨ ਉਪਰ ਤੇਜ਼ਧਾਰ ਹਥਿਆਰਾਂ ਦੇ ਨਿਸ਼ਾਨ ਸਨ। ਉਨ੍ਹਾਂ ਦੱਸਿਆ ਕਿ ਥੱਲੇ ਦਰਜ਼ੀ ਦੀ ਦੁਕਾਨ ਹੈ ਅਤੇ ਉਪਰ ਰਿਹਾਇਸ਼ ਰੱਖੀ ਹੋਈ ਹੈ। ਮੁਢਲੀ ਛਾਣਬੀਣ ਤੋਂ ਪਤਾ ਲੱਗਿਆ ਕਿ ਬੀਤੀ ਰਾਤ ਦਰਜ਼ੀ ਅਤੇ ਉਸ ਦੇ ਨੌਕਰ ਸੋਨੂੰ ਭਟਨਾਗਰ ਨੇ ਖਾਧਾ ਪੀਤਾ। ਕਿਸੇ ਗੱਲ ਤੋਂ ਉਨ੍ਹਾਂ ਦੀ ਆਪਸ ਵਿਚ ਤਕਰਾਰ ਹੋ ਗਈ। ਉਨ੍ਹਾਂ ਸ਼ੱਕ ਜ਼ਾਹਿਰ ਕੀਤਾ ਕਿ ਸੋਨੂੰ ਨੇ ਹੀ ਦਰਜ਼ੀ ਦਾ ਕਤਲ ਕੀਤਾ ਹੋ ਸਕਦਾ ਹੈ। ਉਨ੍ਹਾਂ ਦੱਸਿਆ ਕਿ ਪਟਿਆਲਾ ਤੋਂ ਫਿੰਗਰ ਪ੍ਰਿੰਟ ਮਾਹਿਰਾਂ ਦੀ ਟੀਮ ਨੇ ਨਮੂਨੇ ਲੈ ਲਏ ਹਨ ਅਤੇ ਕਾਤਲ ਦਾ ਜਲਦ ਹੀ ਪਤਾ ਲੱਗ ਜਾਵੇਗਾ।