ਨਿਜੀ ਪੱਤਰ ਪ੍ਰੇਰਕ
ਸੰਗਰੂਰ, 26 ਜੂਨ
ਜਮਹੂਰੀ ਅਧਿਕਾਰ ਸਭਾ ਪੰਜਾਬ ਇਕਾਈ ਸੰਗਰੂਰ ਵੱਲੋ 48 ਸਾਲ ਪਹਿਲਾਂ ਲਗਾਈ ਗਈ ਐਂਮਰਜੈਂਸੀ ਦੇ ਵਿਰੋਧ ਵਿਚ ਸਥਾਨਕ ਈਟਿੰਗ ਮਾਲ ਵਿੱਚ ਕਨਵੈਨਸ਼ਨ ਕਰਵਾਈ ਗਈ। ਕਨਵੈਨਸ਼ਨ ਦੀ ਪ੍ਰਧਾਨਗੀ ਕਾਰਜਕਾਰੀ ਪ੍ਰਧਾਨ ਨਾਮਦੇਵ ਭੂਟਾਲ, ਜਨਰਲ ਸਕੱਤਰ ਮਾਸਟਰ ਕੁਲਦੀਪ ਸਿੰਘ, ਵਿਸਵਕਾਂਤ, ਡਾ. ਕਿਰਨਪਾਲ ਕੌਰ, ਸੂਬਾ ਕਮੇਟੀ ਦੇ ਜਨਰਲ ਸਕੱਤਰ ਪ੍ਰਿਤਪਾਲ ਸਿੰਘ ਤੇ ਸੂਬਾ ਕਮੇਟੀ ਮੈਂਬਰ ਬੂਟਾ ਸਿੰਘ ਮਹਿਮੂਦਪੁਰ ਨੇ ਕੀਤੀ। ਕਨਵੈਨਸ਼ਨ ਦੇ ਮੁੱਖ ਬੁਲਾਰੇ ਬੂਟਾ ਸਿੰਘ ਮਹਿਮੂਦਪੁਰ ਨੇ ਕਿਹਾ ਕਾਂਗਰਸ ਸਰਕਾਰ ਨੇ ਤਾਂ ਐਲਾਨ ਕਰ ਐਮਰਜੈਂਸੀ ਲਗਾਈ ਸੀ ਪਰ ਹੁਣ ਦੀ ਮੋਦੀ ਸਰਕਾਰ ਨੇ ਅਣਐਲਾਨੀ ਐਮਰਜੈਂਸੀ ਲਗਾਈ ਹੋਈ ਹੈ। ਅੱਜ ਵੀ ਲੇਖਕਾਂ, ਬੁਧੀਜੀਵੀਆਂ, ਲੋਕਾਂ ਲਈ ਲੜਨ ਵਾਲੇ ਲੋਕਾਂ ਨੂੰ ਈਡੀ, ਸੀਬੀਆਈ, ਆਮਦਨ ਕਰ ਤੇ ਐੱਨਆਈਏ ਦੇ ਡਰਾਬਿਆਂ ਹੇਠ ਜੇਲ੍ਹਾਂ ਵਿੱਚ ਬੰਦ ਕੀਤਾ ਜਾ ਰਿਹਾ ਹੈ।
ਜਰਨਲ ਸਕੱਤਰ ਪ੍ਰਿਤਪਾਲ ਸਿੰਘ ਨੇ ਭਾਜਪਾ ਦੇ ਆਰਐੱਸਐਸ ਦੇ ਏਜੰਡੇ ਖ਼ਿਲਾਫ਼ ਆਵਾਜ਼ ਬੁਲੰਦ ਕਰਨ ਦਾ ਸੱਦਾ ਦਿੱਤਾ। ਸਭਾ ਦੇ ਕਾਰਜਕਾਰੀ ਪ੍ਰਧਾਨ ਨਾਮਦੇਵ ਭੂਟਾਲ ਵੱਲੋਂ ਬ੍ਰਿਜ ਭੂਸ਼ਨ ਸ਼ਰਨ ਸਿੰਘ ਨੂੰ ਗ੍ਰਿਫਤਾਰ ਕਰਨ, ਮਨੀਪੁਰ ਦੇ ਘੱਟ ਗਿਣਤੀਆਂ ਤੇ ਹਮਲੇ ਤੁਰੰਤ ਬੰਦ ਕਰਨ ਅਤੇ ਜੰਮੂ ਕਸ਼ਮੀਰ ਵਿਚ ਮਸਜਿਦ ਵਿਚ ਫੌਜ ਵਲੋਂ ਜਬਰੀ ਨਾਅਰੇ ਲਗਾਉਣ ਵਿਰੁੱਧ ਮਤੇ ਪਾਸ ਕਰਵਾਉਂਦਿਆਂ ਆਏ ਲੋਕਾਂ ਦਾ ਧੰਨਵਾਦ ਕੀਤਾ।