ਜਤਿੰਦਰ ਬੈਂਸ
ਗੁਰਦਾਸਪੁਰ, 23 ਜੂਨ
ਨਵਜੰਮੇ ਬੱਚਿਆਂ ਨੂੰ ਇਧਰ-ਉਧਰ ਸੁੱਟਣ ਦੀਆਂ ਘਟਨਾਵਾਂ ਦੇ ਮੱਦੇਨਜ਼ਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ‘ਕਿਲਕਾਰੀ’ ਪ੍ਰਾਜੈਕਟ ਤਹਿਤ ਬਾਲ ਭਵਨ ਸਾਹਮਣੇ ਪੰਘੂੜਾ ਸਥਾਪਤ ਕੀਤਾ ਗਿਆ ਹੈ। ਇਸ ਨਾਲ ਅਣਚਾਹੇ ਤੇ ਲਾਵਾਰਿਸ ਬੱਚਿਆਂ ਨੂੰ ਜੀਵਨਦਾਨ ਮਿਲਣ ਦੀ ਆਸ ਬੱਝੀ ਹੈ।
ਜਿੱਥੇ ਜ਼ਿਲ੍ਹਾ ਪ੍ਰਸ਼ਾਸਨ ਨੇ ਪੰਘੂੜੇ ‘ਚ ਮਿਲਣ ਵਾਲੇ ਬੱਚਿਆਂ ਦੇ ਪਾਲਣ-ਪੋਸ਼ਣ ਦੀ ਜ਼ਿੰਮੇਵਾਰੀ ਲਈ ਹੈ ਉੱਥੇ ਹੀ ਕੁਝ ਸਮਾਜਸੇਵੀ ਵੀ ਇਸ ਨੇਕ ਕੰਮ ਵਿੱਚ ਸਹਿਯੋਗ ਲਈ ਅੱਗੇ ਆਏ ਹਨ। ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਕਿਹਾ ਕਿ ਪੰਗੂੜਾ ਅਣਚਾਹੇ ਤੇ ਲਾਵਾਰਿਸ ਨਵਜਾਤ ਬੱਚਿਆਂ ਲਈ ਪੂਰੀ ਤਰਾਂ ਸੁਰੱਖਿਅਤ ਹੈ ਅਤੇ ਜਿਹੜੇ ਮਾਪੇ ਆਪਣੇ ਨਵਜਾਤ ਬੱਚਿਆਂ ਨੂੰ ਪਾਲਣ ਵਿੱਚ ਅਸਮਰੱਥ ਹਨ, ਉਹ ਆਪਣੇ ਬੱਚਿਆਂ ਨੂੰ ਇਸ ਪੰਗੂੜੇ ਵਿੱਚ ਪਾ ਕੇ ਜਾ ਸਕਦੇ ਹਨ। ਇਹ ਪੰਗੂੜਾ ਅਜਿਹੀ ਥਾਂ ‘ਤੇ ਲਗਾਇਆ ਗਿਆ ਹੈ ਜਿਥੇ ਆਸ-ਪਾਸ ਕੋਈ ਨਹੀਂ ਹੈ ਅਤੇ ਕੋਈ ਵੀ ਵਿਅਕਤੀ ਬੱਚੇ ਨੂੰ ਪੰਗੂੜੇ ਵਿੱਚ ਪਾ ਕੇ ਜਾ ਸਕਦਾ ਹੈ। ਜਦੋਂ ਬੱਚੇ ਪੰਗੂੜੇ ਵਿੱਚ ਪਵੇਗਾ ਤਾਂ ਬੱਚੇ ਦੇ ਭਾਰ ਨਾਲ ਇੱਕ ਬਟਨ ਪ੍ਰੈੱਸ ਹੋਵੇਗਾ ਜਿਸ ਨਾਲ ਥੋੜ੍ਹੀ ਦੂਰ ਬਾਲ ਭਵਨ ਵਿੱਚ ਬੈੱਲ ਵੱਜ ਜਾਵੇਗੀ। ਬੈੱਲ ਵੱਜਣ ਤੋਂ ਬਾਅਦ ਬਾਲ ਭਵਨ ਦੇ ਕਰਮਚਾਰੀਆਂ ਵੱਲੋਂ ਉਸ ਬੱਚੇ ਨੂੰ ਪ੍ਰਾਪਤ ਕਰ ਲਿਆ ਜਾਵੇਗਾ ਅਤੇ ਉਸਦੀ ਸੰਭਾਲ ਲਈ ਉਸੇ ਸਮੇਂ ਚਾਰਾਜੋਈ ਸ਼ੁਰੂ ਕਰ ਦਿੱਤੀ ਜਾਵੇਗੀ। ਡਿਪਟੀ ਕਮਿਸ਼ਨਰ ਦਾ ਕਹਿਣਾ ਹੈ ਕਿ ਇਹ ਪੰਘੂੜਾ ਅਣਚਾਹੇ, ਲਾਵਾਰਿਸ ਨਵਜਾਤ ਬੱਚਿਆਂ ਲਈ ਜ਼ਿੰਦਗੀ ਦੀ ਨਵੀਂ ਕਿਰਨ ਸਾਬਤ ਹੋਵੇਗਾ। ਉਨ੍ਹਾਂ ਕਿਹਾ ਕਿ ਇਹ ਪੰਘੂੜਾ ਲਗਾਉਣ ਦਾ ਮਕਸਦ ਅਣਚਾਹੇ ਤੇ ਲਾਵਾਰਿਸ ਬੱਚਿਆਂ ਨੂੰ ਜੀਵਨ ਦੇਣਾ ਹੈ। ਉਨ੍ਹਾਂ ਕਿਹਾ ਕਿ ਕੋਈ ਵਿਅਕਤੀ ਜਾਂ ਮਾਂ-ਬਾਪ ਆਪਣੇ ਨਵਜਾਤ ਨੂੰ ਰੱਖਣਾ ਨਹੀਂ ਚਾਹੁੰਦਾ ਤਾਂ ਉਹ ਏਧਰ-ਓਧਰ ਸੁੱਟਣ ਜਾਂ ਮਾਰਨ ਦੀ ਬਜਾਏ ਜ਼ਿਲ੍ਹਾ ਪ੍ਰਸ਼ਾਸਨ ਦੇ ਇਸ ਪੰਗੂੜੇ ਵਿੱਚ ਉਸ ਬੱਚੇ ਨੂੰ ਪਾ ਜਾਵੇ।