ਖੇਤਰੀ ਪ੍ਰਤੀਨਿਧ
ਚੰਡੀਗੜ੍ਹ, 23 ਜੂਨ
ਇੱਥੇ ਸੈਕਟਰ-34 ਵਿੱਚ ਭਲਕੇ 24 ਜੂਨ ਨੂੰ ਰੱਖਿਆ ਮੰਤਰੀ ਰਾਜਨਾਥ ਸਿੰਘ ਵੱਲੋਂ ‘ਪ੍ਰਗਤੀਸ਼ੀਲ ਭਾਰਤ’ ਰੈਲੀ ਕੀਤੀ ਜਾ ਰਹੀ ਹੈ। ਇਸ ਰੈਲੀ ਵਿੱਚ ਕੇਂਦਰ ਦੀ ਭਾਜਪਾ ਸਰਕਾਰ ਦੀਆਂ ਨੌਂ ਸਾਲਾਂ ਦੀਆਂ ਪ੍ਰਾਪਤੀਆਂ ਗਿਣਵਾਈਆਂ ਜਾਣਗੀਆਂ। ਜਾਣਕਾਰੀ ਅਨੁਸਾਰ ਉਹ ਸ਼ਾਮ ਪੰਜ ਵਜੇ ਤੋਂ ਅੱਠ ਵਜੇ ਤੱਕ ਸ਼ਹਿਰ ਵਿੱਚ ਰਹਿਣਗੇ। ਇਸ ਸਬੰਧੀ ਚੰਡੀਗੜ੍ਹ ਵਿੱਚ ਸੁਰੱਖਿਆ ਵਧਾ ਦਿੱਤੀ ਗਈ ਹੈ। ਸ਼ਹਿਰ ਦੇ ਚੌਕਾਂ ‘ਤੇ ਵੱਡੀ ਗਿਣਤੀ ਸੁਰੱਖਿਆ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ। ਚੰਡੀਗੜ੍ਹ ਪੁਲੀਸ ਨੇ ਇਸ ਸਬੰਧੀ ਇੱਕ ਟਰੈਫਿਕ ਐਡਵਾਈਜ਼ਰੀ ਜਾਰੀ ਕੀਤੀ ਹੈ, ਜਿਸ ਤਹਿਤ ਭਲਕੇ ਸ਼ਾਮ ਪੰਜ ਵਜੇ ਤੋਂ ਰਾਤ ਅੱਠ ਵਜੇ ਤੱਕ ਸੈਕਟਰ 47 ਤੋਂ ਸੈਕਟਰ 31/32-46/47 ਚੌਕ, ਸੈਕਟਰ 32/33-45/46 ਚੌਕ, 33/34-44/45 ਚੌਕ ਅਤੇ 33/34 ਲਾਈਟ ਪੁਆਇੰਟ ਵਾਲੇ ਚੌਕ ਤਕ ਮਾਰਗ ਨੂੰ ਆਮ ਲੋਕਾਂ ਲਈ ਬੰਦ ਰੱਖਿਆ ਜਾਵੇਗਾ। ਰਿਹਰਸਲ ਲਈ ਅੱਜ ਵੀ ਇਹ ਰੂਟ ਬੰਦ ਰੱਖਿਆ ਗਿਆ।