ਪੱਤਰ ਪ੍ਰੇਰਕ
ਪਠਾਨਕੋਟ, 25 ਜੂਨ
ਪੀਡਬਲਯੂਡੀ ਫੀਲਡ ਐਂਡ ਵਰਕਸ਼ਾਪ ਵਰਕਰਜ਼ ਯੂਨੀਅਨ ਜ਼ਿਲ੍ਹਾ ਪਠਾਨਕੋਟ ਦੀ ਮੀਟਿੰਗ ਸੁਜਾਨਪੁਰ ਦੇ ਪ੍ਰਧਾਨ ਰਾਜਿੰਦਰ ਕੁਮਾਰ ਦੀ ਅਗਵਾਈ ਵਿੱਚ ਹੋਈ ਜਿਸ ਵਿੱਚ ਵਿਸ਼ੇਸ਼ ਰੂਪ ਵਿੱਚ ਪੀਐਸਐਸਐਫ ਸਾਬਕਾ ਜ਼ਿਲ੍ਹਾ ਪ੍ਰਧਾਨ ਰਾਜਿੰਦਰ ਧੀਮਾਨ, ਜਨਰਲ ਸਕੱਤਰ ਸੁਰੇਸ਼ ਕੁਮਾਰ ਅਤੇ ਚੇਅਰਮੈਨ ਸਤੀਸ਼ ਸ਼ਰਮਾ ਸ਼ਾਮਲ ਹੋਏ।
ਰਾਜਿੰਦਰ ਧੀਮਾਨ ਅਤੇ ਚੇਅਰਮੈਨ ਸਤੀਸ਼ ਸ਼ਰਮਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਜੋ ਰੈਗੂਲਰ ਕਰਨ ਲਈ ਨੋਟੀਫੀਕੇਸ਼ਨ ਜਾਰੀ ਕੀਤੀ ਗਈ ਹੈ। ਉਸ ਵਿੱਚ ਆਊਟਸੋਰਸ, ਠੇਕਾ ਮੁਲਾਜ਼ਮਾਂ ਨੂੰ ਬਾਹਰ ਰੱਖਿਆ ਗਿਆ ਹੈ। ਉਨ੍ਹਾਂ ਮੰਗ ਕੀਤੀ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੰਜਾਬ ਦੇ ਆਊਟਸੋਰਸ ਅਤੇ ਅਸਥਾਈ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਦੀ ਜੋ ਘੋਸ਼ਣਾ ਕੀਤੀ ਗਈ ਹੈ। ਉਸ ਨੂੰ ਅਮਲੀਜਾਮਾ ਪਹਿਨਾ ਕੇ ਰੈਗੂਲਰ ਕੀਤਾ ਜਾਵੇ। ਉਨ੍ਹਾਂ ਇਹ ਵੀ ਮੰਗ ਕੀਤੀ ਕਿ ਪੈਨਸ਼ਨਰਾਂ ‘ਤੇ ਲਗਾਇਆ ਗਿਆ 200 ਰੁਪਏ ਮਹੀਨਾ ਡਿਵੈਲਪਮੈਂਟ ਟੈਕਸ ਰੱਦ ਕੀਤਾ ਜਾਵੇ। ਆਗੂਆਂ ਨੇ ਅੱਗੇ ਕਿਹਾ ਕਿ ਆਊਟਸੋਰਸ ਮੁਲਾਜ਼ਮਾਂ ਨੂੰ 11 ਹਜ਼ਾਰ ਰੁਪਏ ਮਹੀਨਾ ਤਨਖਾਹ ਦਿੱਤੀ ਜਾਂਦੀ ਹੈ। ਇਹ ਅੰਤਰ ਮਿਟਾ ਕੇ ਦੋਹਾਂ ਵਰਗਾਂ ਦੇ ਮੁਲਾਜ਼ਮਾਂ ਦੀ ਤਨਖਾਹ ਇੱਕ ਸਮਾਨ ਕੀਤੀ ਜਾਵੇ। ਉਨ੍ਹਾਂ ਇਹ ਵੀ ਮੰਗ ਕੀਤੀ ਕਿ ਤਨਖਾਹ ਕਮਿਸ਼ਨ ਦਾ ਬਕਾਇਆ ਜਨਵਰੀ 2016 ਤੋਂ ਦਿੱਤਾ ਜਾਵੇ, ਮਹਿੰਗਾਈ ਭੱਤੇ ਦੀਆਂ ਲੰਬਿਤ ਕਿਸ਼ਤਾਂ ਦਾ ਭੁਗਤਾਨ ਕੀਤਾ ਜਾਵੇ। ਇਸ ਮੌਕੇ ਮੋਹਨ ਸਿੰਘ, ਸੁਰਿੰਦਰ ਸੈਣੀ, ਅਸ਼ਵਨੀ ਸੈਣੀ, ਗੋਵਰਧਨ ਸਿੰਘ, ਪ੍ਰਸ਼ੋਤਮ ਸਿੰਘ, ਅਮਿਤ ਪਠਾਨੀਆ ਆਦਿ ਹਾਜ਼ਰ ਸਨ।