ਪੱਤਰ ਪ੍ਰੇਰਕ
ਗਿੱਦੜਬਾਹਾ, 4 ਨਵੰਬਰ
ਮਾਰਕਫ਼ੈੱਡ ਕੈਟਲਫੀਡ ਐਂਡ ਅਲਾਈਡ ਇੰਡਸਟਰੀਜ਼ ਵਿੱਚ ਅੱਜ ਚੇਅਰਮੈਨ ਮਾਰਕਫੈਡ ਅਮਨਦੀਪ ਸਿੰਘ ਮੋਹੀ ਨੇ ਡਾਇਰੈਕਟਰ ਬੋਰਡ ਮਾਰਕਫੈੱਡ, ਟਹਿਲ ਸਿੰਘ ਸੰਧੂ ਅਤੇ ਪਰਮਜੀਤ ਸਿੰਘ ਨਾਲ ਪਲਾਂਟ ਦਾ ਦੌਰਾ ਕੀਤਾ। ਇਸ ਦੌਰਾਨ ਚੇਅਰਮੈਨ ਅਤੇ ਡਾਇਰੈਕਟਰ ਮਾਰਕਫੈੱਡ ਵੱਲੋਂ ਪਲਾਂਟ ਦੇ ਜਨਰਲ ਮੈਨੇਜਰ ਦਵਿੰਦਰ ਸਿੰਘ ਅਤੇ ਪਲਾਂਟ ਦੇ ਸਟਾਫ ਨਾਲ ਮੀਟਿੰਗ ਕੀਤੀ ਗਈ, ਜਿਸ ਵਿੱਚ ਨਵੇਂ ਪਲਾਂਟ ਲਗਾਉਣ ਸਬੰਧੀ ਅਤੇ ਪਲਾਂਟ ਦੀਆਂ ਵੱਖ-ਵੱਖ ਮੁਸ਼ਕਲਾਂ ਸਬੰਧੀ ਚਰਚਾ ਕੀਤੀ ਗਈ। ਚੇਅਰਮੈਨ ਵੱਲੋਂ ਵਿਸ਼ਵਾਸ ਦੁਆਇਆ ਗਿਆ ਕਿ ਪਲਾਂਟ ਵਿੱਚ ਆਉਂਦੀ ਕਿਸੇ ਵੀ ਤਰ੍ਹਾਂ ਦੀ ਮੁਸ਼ਕਿਲ ਨੂੰ ਨਿੱਜੀ ਤੌਰ ‘ਤੇ ਹੱਲ ਕਰਵਾਉਣਗੇ ਅਤੇ ਇਹ ਤਾਕੀਦ ਵੀ ਕੀਤੀ ਜਾਵੇਗੀ ਕਿ ਪਲਾਂਟ ਨੂੰ ਬੁਲੰਦੀਆਂ ਤੱਕ ਪਹੁੰਚਾਉਣ ਲਈ ਪੂਰੀ ਤਨਦੇਹੀ ਨਾਲ ਕੰਮ ਕੀਤਾ ਜਾਵੇਗਾ। ਇਸ ਮੌਕੇ ਡਾਇਰੈਕਟਰ ਮਾਰਕਫੈਡ ਟਹਿਲ ਸਿੰਘ ਸੰਧੂ ਨੇ ਵਿਸ਼ਵਾਸ ਦੁਆਇਆ ਕਿ ਪਲਾਂਟ ‘ਚ ਆਉਣ ਵਾਲੀ ਹਰ ਤਰ੍ਹਾਂ ਦੀ ਮੁਸ਼ਕਿਲ ਨੂੰ ਪਹਿਲ ਦੇ ਅਧਾਰ ‘ਤੇ ਹੱਲ ਕੀਤਾ ਜਾਵੇਗਾ। ਦੌਰਾ ਕਰਨ ਆਏ ਮਹਿਮਾਨਾਂ ਨੇ ਪਲਾਂਟ ਦੀ ਕਾਰਜਪ੍ਰਣਾਲੀ ਬਾਰੇ ਵਿਸਤਾਰ ਵਿੱਚ ਚਰਚਾ ਕੀਤੀ।