ਪੱਤਰ ਪ੍ਰੇਰਕ
ਨਵੀਂ ਦਿੱਲੀ, 25 ਜੂਨ
ਸੰਯੁਕਤ ਕਿਸਾਨ ਮੋਰਚੇ ਦੇ ਆਗੂ ਜਗਤਾਰ ਸਿੰਘ ਬਾਜਵਾ ਨੇ ਦਿੱਲੀ ਵਿੱਚ ਦੱਸਿਆ ਕਿ ਬਿਹਾਰ ਦੀ ਰਾਜਧਾਨੀ ਪਟਨਾ ‘ਚ ਅੱਜ ਸੰਯੁਕਤ ਕਿਸਾਨ ਮੋਰਚਾ ਵੱਲੋਂ ਕਨਵੈਨਸ਼ਨ ਕਰਵਾਈ ਗਈ। ਇਸ ਕਨਵੈਨਸ਼ਨ ਵਿੱਚ ਐੱਮਐੱਸਪੀ ‘ਤੇ ਕਾਨੂੰਨ ਬਨਵਾਉਣ, ਕਿਸਾਨਾਂ ਦੀ ਕਰਜ਼ਾਮੁਕਤੀ ਤੇ ਭੋਜਨ ਸੁਰੱਖਿਆ ਦੇ ਮੁੱਦਿਆਂ ‘ਤੇ ਚਰਚਾ ਕੀਤੀ ਗਈ। ਇਸ ਦੌਰਾਨ ਉਨ੍ਹਾਂ ਸਾਰੇ ਸੂਬਿਆਂ ‘ਚ ਇਨ੍ਹਾਂ ਮਸਲਿਆਂ ਨੂੰ ਲੈ ਕੇ ਕਿਸਾਨ ਲਹਿਰ ਸਿਰਜਣ ਦਾ ਸੱਦਾ ਵੀ ਦਿੱਤਾ।
ਕਨਵੈਨਸ਼ਨ ਨੂੰ ਸੰਬੋਧਨ ਕਰਦਿਆਂ ਆਲ ਇੰਡੀਆ ਕਿਸਾਨ ਮਜ਼ਦੂਰ ਸਭਾ ਦੇ ਆਸ਼ੀਸ਼ ਮਿੱਤਲ ਤੇ ਕਿਰਤੀ ਕਿਸਾਨ ਯੂਨੀਅਨ ਦੇ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਨੇ ਕਿਹਾ ਬਿਹਾਰ ਵਿੱਚ 2005 ਵਿੱਚ ਸਰਕਾਰ ਨੇ ਏਪੀਐੱਮਸੀ ਮੰਡੀਆਂ ਭੰਗ ਕਰ ਕੇ ਕਿਸਾਨਾਂ ਦਾ ਬਹੁਤ ਨੁਕਸਾਨ ਕੀਤਾ ਹੈ। ਵਪਾਰੀ ਬਿਹਾਰ ਦਾ ਝੋਨਾ 800 ਤੋ 900 ਰੁਪਏ ਵਿੱਚ ਖਰੀਦ ਕੇ ਪੰਜਾਬ ਦੀਆਂ ਮੰਡੀਆਂ ‘ਚ ਵੇਚ ਕੇ ਪੂਰਾ ਮੁੱਲ ਵਸੂਲਦੇ ਹਨ। ਉਨ੍ਹਾਂ ਕਿਹਾ ਕੇ ਕੇਂਦਰ ਸਰਕਾਰ ਐੱਮਐੱਸਪੀ ਦਾ ਘੇਰਾ ਵਧਾਉਣ ਦੀ ਬਜਾਇ ਲਗਾਤਾਰ ਘਟਾ ਰਹੀ ਹੈ।
ਏਆਈਕੇਐੱਮ ਦੇ ਰਾਜਾਰਾਮ ਸਿੰਘ ਤੇ ਏਆਈਕੇਐਸ ਦੇ ਵੀਜੂ ਕ੍ਰਿਸ਼ਨਨ ਨੇ ਕਿਹਾ ਕੇ ਦਿੱਲੀ ਮੋਰਚੇ ਦੀ ਇਤਿਹਾਸਕ ਜਿੱਤ ਤੋਂ ਪ੍ਰੇਰਨਾ ਲੈ ਕੇ ਬਿਹਾਰ ਵਿੱਚ ਏਪੀਐੱਮਸੀ ਮੰਡੀਆਂ ਦੀ ਮੁੜ ਬਹਾਲੀ ਲਈ ਸੂਬੇ ‘ਚ ਵੱਡਾ ਅੰਦੋਲਨ ਖੜ੍ਹਾ ਕੀਤਾ ਜਾਵੇਗਾ। ਬਿਹਾਰ ਦਾ ਕਿਸਾਨ ਆਪਣੇ ਅਨਾਜ ਨੂੰ ਕੌਡੀਆਂ ਦੇ ਭਾਅ ਵੇਚ ਰਿਹਾ ਹੈ।
ਏਆਈਕੇਕੇਐੱਮਐੱਸ ਦੇ ਸੱਤਿਆਵਾਨ ਤੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਅਵਤਾਰ ਮਹਿਮਾ ਨੇ ਕਿਹਾ ਕਿ ਭਾਜਪਾ ਸਰਕਾਰ ਸਵਾਮੀਨਾਥਨ ਕਮਿਸ਼ਨ ਮੁਤਾਬਕ ਫਸਲਾਂ ਦੇ ਭਾਅ ਦੇਣ ਦਾ ਵਾਅਦਾ ਕਰ ਕੇ ਸੱਤਾ ਵਿੱਚ ਆਈ ਸੀ ਪਰ ਜ਼ਮੀਨਾਂ ਤੇ ਖੁਰਾਕ ਨੂੰ ਪੂਰੀ ਤਰ੍ਹਾਂ ਕਾਰੋਪੋਰੇਟ ਦੇ ਹਵਾਲੇ ਕਰਨ ਵਾਲੇ ਪਾਸੇ ਤੁਰ ਪਈ। ਕਿਸਾਨਾਂ ‘ਤੇ ਲਗਾਤਾਰ ਜਬਰ ਢਾਹਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕੇ 9 ਅਗਸਤ ਨੂੰ ਭਾਰਤ ਛੱਡੋ ਅੰਦੋਲਨ ਦੀ ਵਰ੍ਹੇਗੰਢ ਮੌਕੇ ‘ਕਾਰਪੋਰੇਟ ਖੇਤੀ ‘ਚੋ ਬਾਹਰ ਕੱਢੋ’ ਦੇ ਨਾਅਰੇ ਤਹਿਤ ਮੁਲਕ ਭਰ ‘ਚ ਲਾਮਬੰਦੀ ਕੀਤੀ ਜਾਵੇਗੀ ਤੇ 26 ਨਵੰਬਰ ਤੋਂ 28 ਨਵੰਬਰ ਤੱਕ ਸੂਬਿਆਂ ਦੀਆਂ ਰਾਜਧਾਨੀਆਂ ‘ਚ ਇੱਕਠ ਕੀਤੇ ਜਾਣਗੇ।