ਪੱਤਰ ਪ੍ਰੇਰਕ
ਖੰਨਾ, 4 ਨਵੰਬਰ
ਇੱਥੇ ਅੱਜ ਸਫਾਈ ਕਰਮਚਾਰੀ ਅਤੇ ਐਂਪਲਾਈਜ਼ ਯੂਨੀਅਨ ਦੇ ਮੈਬਰਾਂ ਦੀ ਇੱਕਤਰਤਾ ਅਨਿਲ ਕੁਮਾਰ ਗੱਟੂ ਦੀ ਪ੍ਰਧਾਨਗੀ ਹੇਠ ਹੋਈ। ਇਸ ਮੌਕੇ ਯੂਨੀਅਨ ਨੂੰ ਆਉਂਦੀਆਂ ਦਰਪੇਸ਼ ਸਮੱਸਿਆਵਾਂ ਸਬੰਧੀ ਕੌਂਸਲ ਪ੍ਰਧਾਨ ਕਮਲਜੀਤ ਸਿੰਘ ਲੱਧੜ, ਈਓ ਗੁਰਪਾਲ ਸਿੰਘ ਅਤੇ ਸੰਜੀਵ ਕੁਮਾਰ ਨਾਲ ਵਿਚਾਰ ਵਟਾਂਦਰਾ ਕੀਤਾ ਗਿਆ। ਯੂਨੀਅਨ ਪ੍ਰਧਾਨ ਹਰਪਾਲ ਵਧਵਾ, ਗਰੀਬ ਦਾਸ, ਰਾਜੀਵ ਕੁਮਾਰ, ਰਾਕੇਸ਼ ਕੁਮਾਰ, ਰਾਜੇਸ਼ ਬੀੜਲਾਂਣ, ਵਿਨੋਦ ਕੁਮਾਰ ਅਤੇ ਸੁਰਿੰਦਰ ਕੁਮਾਰ ਨੇ ਮੰਗ ਕੀਤੀ ਕਿ ਜੋ ਪਿਛਲੇ ਸਮੇਂ ਦੌਰਾਨ ਵਿਧਾਇਕ ਤਰੁਨਪ੍ਰੀਤ ਸਿੰਘ ਸੌਂਦ ਦੇ ਹੁਕਮਾਂ ਦੇ ਨਾਲ ਸਫਾਈ ਦਾ ਕੰਮ ਸਚਾਰੂ ਤੇ ਵਧੀਆ ਢੰਗ ਨਾਲ ਚਲਾਉਣ ਲਈ ਹੁਕਮ ਜਾਰੀ ਕੀਤੇ ਸਨ, ਉਸ ਵਿਚ ਕੌਂਸਲ ਖੰਨਾ ਵੱਲੋਂ ਕੁਝ ਸਫਾਈ ਕਰਮਚਾਰੀ ਜੋ ਦਫ਼ਤਰ ਅੰਦਰ ਕੰਮ ਕਰ ਰਹੇ ਸੀ, ਉਨ੍ਹਾਂ ਨੂੰ ਬਾਹਰ ਕੱਢਿਆ ਜਾਣਾ ਸੀ ਪਰ ਕੌਂਸਲ ਵੱਲੋਂ ਸਫਾਈ ਕਰਮੀਆਂ ਨੂੰ ਬਾਹਰ ਕੱਢ ਕੇ ਬਾਕੀ ਸਿਫਾਰਸ਼ੀਆਂ ਨੂੰ ਅੰਦਰ ਰੱਖ ਲਿਆ। ਇਸ ਤੋਂ ਇਲਾਵਾ ਕਈ ਕਰਮਚਾਰੀਆਂ ਦੀਆਂ ਬਦਲੀਆਂ ਦੂਰ ਕਰ ਦਿੱਤੀਆਂ। ਇਸ ਦਾ ਯੂਨੀਅਨ ਵੱਲੋਂ ਵਿਰੋਧ ਕਰਦਿਆਂ ਲੁਧਿਆਣਾ ਵਾਂਗ ਪੱਕੇ ਕੀਤੇ ਸਫ਼ਾਈ ਕਾਮਿਆਂ ਨੂੰ ਖੰਨਾ ਵਿੱਚ ਹੀ ਪੱਕਾ ਕਰਨ ਦੀ ਮੰਗ ਕੀਤੀ। ਅਧਿਕਾਰੀਆਂ ਨੇ ਭਰੋਸਾ ਦਿਵਾਇਆ ਕਿ ਯੂਨੀਅਨ ਦੀਆਂ ਮੰਗਾਂ ‘ਤੇ ਕਾਰਵਾਈ ਕੀਤੀ ਜਾਵੇਗੀ।
ਏਡੀਸੀ ਨੇ ਸਫ਼ਾਈ ਕਾਰਜਾਂ ਦਾ ਜਾਇਜ਼ਾ ਲਿਆ
ਖੰਨਾ (ਨਿੱਜੀ ਪੱਤਰ ਪ੍ਰੇਰਕ): ਸ਼ਹਿਰ ਦੀ ਸਾਫ ਸਫਾਈ ਤੇ ਵੱਖ-ਵੱਖ ਵਾਰਡਾਂ ‘ਚ ਕੰਮ ਕਰਦੇ ਸਫਾਈ ਸੇਵਕਾਂ ਦੀ ਜਾਣਕਾਰੀ ਲੈਣ ਲਈ ਏਡੀਸੀ ਲੁਧਿਆਣਾ ਅਨੀਤਾ ਦਰਸ਼ੀ ਨੇ ਦੌਰਾ ਕੀਤਾ। ਉਨ੍ਹਾਂ ਵਾਰਡਾਂ ਵਿਚ ਜਾ ਕੇ ਜਾਂਚ ਕੀਤੀ, ਉਪਰੰਤ ਸਫਾਈ ਸੇਵਕਾਂ ਦੀ ਹਾਜ਼ਰੀ ਚੈੱਕ ਕੀਤੀ। ਉਨ੍ਹਾਂ ਸਫਾਈ ਕਰਮਚਾਰੀਆਂ ਤੇ ਨੰਬਰਦਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਦੀਆਂ ਸਮੱਸਿਆਵਾਂ ਸੁਣੀਆਂ। ਉਨ੍ਹਾਂ ਦੱਸਿਆ ਕਿ ਸਵੱਛ ਭਾਰਤ ਮਿਸ਼ਨ ਤਹਿਤ ਫ਼ੰਡ ਆ ਰਹੇ ਹਨ, ਜਿਸ ਵਿਚ 220 ਈ ਰਿਕਸ਼ਾ, ਟ੍ਰਾਈ ਸਾਈਕਲ ਤੇ 26 ਟਾਟਾ ਟੈਂਕਰ ਲਿਆਂਦੇ ਜਾ ਰਹੇ ਹਨ। ਇਸ ਦਾ ਦਸੰਬਰ ‘ਚ ਕੰਮ ਹੋ ਜਾਵੇਗਾ ਤਾਂ ਜੋ ਘਰ ਘਰ ਤੋਂ ਕੂੜਾ ਚੁੱਕਿਆ ਜਾ ਸਕੇ ਕਿਉਂਕਿ ਜਲਦੀ ਹੀ ਸਰਕਾਰ ਵੱਲੋਂ ਖੰਨਾ ਨੂੰ ਮਾਡਲ ਸਿਟੀ ਬਣਾਇਆ ਜਾ ਰਿਹਾ ਹੈ। ਵਿਧਾਇਕ ਤਰੁਨਪ੍ਰੀਤ ਸਿੰਘ ਸੌਂਦ ਨੇ ਸ਼ਹਿਰ ਦੇ 33 ਵਾਰਡਾਂ ਵਿਚ ਪ੍ਰਤੀ ਵਾਰਡ 9 ਸਫਾਈ ਸੇਵਕ ਤੈਅ ਕੀਤੇ ਹਨ।