ਪ੍ਰੋ. ਪਰਮਜੀਤ ਸਿੰਘ ਨਿੱਕੇ ਘੁੰਮਣ
ਮਾਪਿਆਂ ਦਾ ਧੀਆਂ-ਪੁੱਤਾਂ ਦੇ ਜੀਵਨ ‘ਤੇ ਸਦਾ ਹੀ ਹੱਕ ਬਣਦਾ ਹੈ ਕਿਉਂਕਿ ਉਹ ਬੱਚਿਆਂ ਦੇ ਨਾ ਕੇਵਲ ਜਨਮਦਾਤੇ ਹੁੰਦੇ ਹਨ ਸਗੋਂ ਪਾਲਣਹਾਰ ਵੀ ਹੁੰਦੇ ਹਨ। ਬੱਚਿਆਂ ਦੇ ਬਿਹਤਰ ਪਾਲਣ ਪੋਸ਼ਣ ਲਈ ਉਨ੍ਹਾਂ ਨੇ ਅਨੇਕਾਂ ਦੁੱਖ, ਤੰਗੀਆਂ ਤੇ ਪਰੇਸ਼ਾਨੀਆਂ ਬਰਦਾਸ਼ਤ ਕੀਤੀਆਂ ਹੁੰਦੀਆਂ ਹਨ ਤੇ ਬੱਚਿਆਂ ਨੂੰ ਉਨ੍ਹਾਂ ਦੇ ਜੀਵਨ ਨਿਸ਼ਾਨੇ ਪ੍ਰਾਪਤ ਕਰਨ ਵਿੱਚ ਸਹਾਇਤਾ ਕੀਤੀ ਹੁੰਦੀ ਹੈ। ਵਿਆਹੁਤਾ ਜੀਵਨ ਹਰੇਕ ਧੀ-ਪੁੱਤਰ ਦੀ ਜ਼ਿੰਦਗੀ ਵਿੱਚ ਇੱਕ ਨਵੇਂ ਅਧਿਆਏ ਦੀ ਸ਼ੁਰੂਆਤ ਜਿਹਾ ਹੁੰਦਾ ਹੈ। ਪੁੱਤਰ ਦਾ ਜਦੋਂ ਵਿਆਹ ਹੋ ਜਾਂਦਾ ਹੈ ਤਾਂ
ਉਸ ਦਾ ਆਪਣੀ ਪਤਨੀ ਪ੍ਰਤੀ ਲਗਾਅ ਜਾਂ ਝੁਕਾਅ ਸੁਭਾਵਿਕ ਹੀ ਹੁੰਦਾ ਹੈ। ਆਪਣਾ ਪੇਕਾ ਘਰ, ਮਾਪੇ ਤੇ ਭੈਣ-ਭਰਾ ਆਦਿ ਛੱਡ ਕੇੇ ਸਹੁਰੇ ਘਰ ਆਈ ਨਵ ਵਿਆਹੁਤਾ ਦਾ ਸਭ ਤੋਂ ਨੇੜਲਾ ਰਿਸ਼ਤਾ ਆਪਣੇ ਪਤੀ ਨਾਲ ਹੁੰਦਾ ਹੈ ਤੇ ਉਸ ਦੇ ਦੁੱਖ-ਸੁੱਖ, ਪਸੰਦ-ਨਾ ਪਸੰਦ ਤੇ ਖ਼ਾਹਿਸ਼ਾਂ ਦਾ ਖ਼ਿਆਲ ਰੱਖਣਾ ਪਤੀ ਦਾ ਫਰਜ਼ ਹੁੰਦਾ ਹੈ। ਸੋ ਜੇਕਰ ਤੁਹਾਡਾ ਪੁੱਤਰ ਵਿਆਹ ਤੋਂ ਬਾਅਦ ਤੁਹਾਡੇ ਵੱਲ ਥੋੜ੍ਹਾ ਘੱਟ ਤੇ ਆਪਣੀ ਪਤਨੀ ਵੱਲ ਵੱਧ ਧਿਆਨ ਦੇਣ ਲੱਗ ਪਏ ਤਾਂ ਨਾਰਾਜ਼ ਜਾਂ ਨਿਰਾਸ਼ ਨਾ ਹੋਵੇ ਤੇ ਉਸ ਨੂੰ ਸਮਝਣ ਦੀ ਕੋਸ਼ਿਸ਼ ਕਰੋ। ”ਤੂੰ ਤਾਂ ਹੁਣ ਉੱਕਾ ਹੀ ਬਦਲ ਗਿਐ।” ਜਿਹਾ ਕਲੰਕ ਉਸ ਦੇ ਮੱਥੇ ‘ਤੇ ਲਗਾਉਣ ਦੀ ਥਾਂ ਉਸ ਦੀ ਪਤਨੀ ਭਾਵ ਆਪਣੀ ਨੂੰਹ ਨੂੰ ਆਪਣੇ ਘਰ ਵਿੱਚ ਐਡਜਸਟ ਕਰਨ ਵਿੱਚ ਉਸ ਦੀ ਮਦਦ ਕਰੋ। ਨਵ ਵਿਆਹੁਤਾ ਕੋਲੋਂ ਘਰ ‘ਚ ਵਿਚਰਦਿਆਂ, ਕੰਮਕਾਜ ਕਰਦਿਆਂ ਕਈ ਗਲਤੀਆਂ ਹੋ ਸਕਦੀਆਂ ਹਨ, ਕਈ ਕਮੀਆਂ ਰਹਿ ਸਕਦੀਆਂ ਹਨ, ਇਸ ਲਈ ਡਾਂਟਣ, ਝਿੜਕਣ ਜਾਂ ਨਾਰਾਜ਼ਗੀ ਪ੍ਰਗਟ ਕਰਨ ਦੀ ਥਾਂ ਜੇ ਤੁਸੀਂ ਮੁਹੱਬਤ ਤੇ ਨਰਮੀ ਨਾਲ ਪੇਸ਼ ਆਉਗੇ ਤਾਂ ਹੀ ਤੁਹਾਡੇ ਨੂੰਹ-ਪੁੱਤਰ ਦੇ ਮਨ ‘ਚ ਤੁਹਾਡੇ ਪ੍ਰਤੀ ਪਿਆਰ ਤੇ ਸਤਿਕਾਰ ਉਪਜੇਗਾ, ਕੁੜੱਤਣ ਨਹੀਂ।
ਨਵ ਵਿਆਹੁਤਾ ਪਤੀ-ਪਤਨੀ ਆਪਣੇ ਢੰਗ ਨਾਲ ਖਾਣਾ-ਪੀਣਾ, ਪਹਿਨਣਾ, ਸੌਣਾ, ਜਾਗਣਾ ਤੇ ਖਰੀਦਦਾਰੀ ਕਰਨਾ ਪਸੰਦ ਕਰਦੇ ਹਨ ਸੋ ਉਨ੍ਹਾਂ ‘ਤੇ ਆਪਣੀ ਪਸੰਦ-ਨਾਪਸੰਦ ਨਾ ਠੋਸੋ ਤੇ ਉਨ੍ਹਾਂ ਦੀ ਕਿਸੇ ਗੱਲ ‘ਤੇ ਜੇਕਰ ਤੁਹਾਨੂੰ ਇਤਰਾਜ਼ ਹੈ ਤਾਂ ਅਸਿੱਧੇ ਅਤੇ ਹਲਕੇ-ਫੁਲਕੇ ਢੰਗ ਨਾਲ ਇਤਰਾਜ਼ ਪ੍ਰਗਟ ਕਰੋ, ਖਰ੍ਹਵੇਂ ਬੋਲਾਂ ਅਤੇ ਅੱਖਾਂ ਦੀਆਂ ਘੂਰੀਆਂ ਨਾਲ ਨਹੀਂ। ਉਨ੍ਹਾਂ ਵੱਲੋਂ ਘਰ ਤੋਂ ਬਾਹਰ ਘੁੰਮਣ-ਫਿਰਨ ਜਾਂ ਖਾਣ-ਪੀਣ ‘ਤੇ ਬਹੁਤਾ ਇਤਰਾਜ਼ ਨਾ ਕਰੋ ਕਿਉਂਕਿ ਥੋੜ੍ਹੇ ਸਮੇਂ ਪਿੱਛੋਂ ਉਨ੍ਹਾਂ ਨੇ ਗ੍ਰਹਿਸਥੀ ਦੇ ਉਤਰਾਅ-ਚੜ੍ਹਾਅ ਤੋਂ ਵਾਕਿਫ਼ ਹੋ ਕੇ ਪਰਿਵਾਰਕ ਜ਼ਿੰਮੇਵਾਰੀਆਂ ਨਿਭਾਉਣ ਦੇ ਰਾਹ ਤੁਰ ਪੈਣਾ ਹੁੰਦਾ ਹੈ। ਸੋ ਸ਼ਾਦੀ ਤੋਂ ਬਾਅਦ ਦੇ ਕੁਝ ਸ਼ੁਰੂਆਤੀ ਮਹੀਨਿਆਂ ਵਿੱਚ ਉਨ੍ਹਾਂ ਨੂੰ ਆਪਣੇ ਢੰਗ ਨਾਲ ਆਪਣੀ ਜ਼ਿੰਦਗੀ ਜੀਅ ਲੈਣ ਦਿਉ।
ਵਿਆਹੁਤਾ ਬੱਚਿਆਂ ਦੀ ਮਾਪਿਆਂ ਨਾਲ ਖਟਪਟ ਉਸ ਵੇਲੇ ਸ਼ੁਰੂ ਹੁੰਦੀ ਹੈ ਜਦ ਮਾਪੇ ਜਾਂ ਸੱਸ-ਸਹੁਰਾ ਵੱਡੇ ਬਣਨ ਦੀ ਥਾਂ ਥਾਣੇਦਾਰ ਬਣਨ ਦੀ ਕੋਸ਼ਿਸ਼ ਸ਼ੁਰੂ ਕਰ ਦਿੰਦੇ ਹਨ ਤੇ ਹਰ ਗੱਲ ‘ਚ ਸੰਸਕਾਰਾਂ , ਖ਼ਾਨਦਾਨੀ ਪਰੰਪਰਾਵਾਂ ਤੇ ਪਰਿਵਾਰਕ ਨੇਮਾਂ ਦਾ ਹਵਾਲਾ ਦੇ ਕੇ ਦਖਲੰਦਾਜ਼ੀ ਕਰਨੀ ਸ਼ੁਰੂ ਕਰ ਦਿੰਦੇ ਹਨ। ਹਰੇਕ ਮਾਂ-ਬਾਪ ਤੇ ਸੱਸ-ਸਹੁਰੇ ਨੂੰ ਉਹ ਦਿਨ ਤੇ ਉਹ ਸਮਾਂ ਸਦਾ ਹੀ ਯਾਦ ਰੱਖਣ ਚਾਹੀਦਾ ਹੈ ਜਦੋਂ ਉਨ੍ਹਾਂ ਦਾ ਆਪਣਾ ਨਵਾਂ ਵਿਆਹ ਹੋਇਆ ਸੀ ਤੇ ਜਿੰਨੀਆਂ ਖੁੱਲ੍ਹਾਂ ਤੇ ਆਜ਼ਾਦੀ ਉਨ੍ਹਾਂ ਨੇ ਆਪ ਮਾਣੀ ਜਾਂ ਚਾਹੀ ਸੀ ਓਨੀ ਆਜ਼ਾਦੀ ਅਤੇ ਖੁੱਲਾਂ ਉਨ੍ਹਾਂ ਨੂੰ ਆਪਣੇ ਵਿਆਹੁਤਾ ਬੱਚਿਆਂ ਨੂੰ ਜ਼ਰੂਰ ਪ੍ਰਦਾਨ ਕਰ ਦੇਣੀਆਂ ਚਾਹੀਦੀਆਂ ਹਨ। ਇਹ ਗੱਲ ਦੋਵਾਂ ਧਿਰਾਂ ਨੂੰ ਯਾਦ ਰੱਖਣੀ ਚਾਹੀਦੀ ਹੈ ਕਿ ਜੇਕਰ ਘਰ ਜਾਂ ਰਿਸ਼ਤਿਆਂ ਵਿੱਚ ਇੱਕ ਵਾਰ ਕਲੇਸ਼ ਦਾ ਬੀਜ ਬੀਜਿਆ ਜਾਵੇ ਤਾਂ ਘਰਾਂ ਤੇ ਦਿਲਾਂ ਵਿੱਚ ਕੰਧਾਂ ਉਸਰਦਿਆਂ ਬਹੁਤੀ ਦੇਰ ਨਹੀਂ ਲੱਗਦੀ। ਆਪਣੀ ਵਿਆਹੁਤਾ ਧੀ ਦੇ ਸਦਾ ਹੀ ਚੰਗੇ ਮਦਦਗਾਰ ਦੇ ਸੁਹਿਰਦ ਮਾਰਗ ਦਰਸ਼ਕ ਬਣੋ। ਉਸ ਨੂੰ ਆਪਣੇ ਜੀਵਨ ਦੀਆਂ ਮੁਸ਼ਕਲਾਂ ਤੇ ਮੁਸੀਬਤਾਂ ਨਾਲ ਆਪ ਲੜਨ ਦੀ ਪ੍ਰੇਰਨਾ ਦਿਉ। ਸਹੁਰੇ ਘਰ ਵੱਲੋਂ ਕੋਈ ਵੱਧ-ਘੱਟ ਗੱਲ ਆਖੇ ਜਾਣ ‘ਤੇ ਦੋਵਾਂ ਧਿਰਾਂ ਨੂੰ ਸਮਝਾਉ ਤੇ ਧੀ ਨੂੰ ”ਅਸੀਂ ਤੇਰੇ ਮਗਰ ਹਾਂ, ਤੂੰ ਕਿਸੇ ਦੀ ਪਰਵਾਹ ਨਾ ਕਰੀਂ” ਅਤੇ ”ਤੂੰ ਆਪਣੇ ਸੱਸ-ਸਹੁਰੇ ਨੂੰ ਠੋਕ ਕੇ ਜਵਾਬ ਦਿਆ ਕਰ” ਆਦਿ ਜਿਹੇ ਵਾਕ ਬੋਲ ਕੇ ਉਸ ਦੀ ਗ੍ਰਹਿਸਥੀ ਨੂੰ ਲਾਂਬੂ ਲਾਉਣ ਦਾ ਯਤਨ ਨਾ ਕਰੋ। ਦਾਜ ਦੇ ਝਗੜੇ ਦੇ ਕੇਸਾਂ ਵਿੱਚ ਬੱਚੀ ਦੇ ਸੱਸ-ਸਹੁਰੇ ਨਾਲ, ਉਨ੍ਹਾਂ ਦੇ ਰਿਸ਼ਤੇਦਾਰਾਂ ਨਾਲ ਗੱਲਬਾਤ ਕਰੋ ਤੇ ਸੁਹਿਰਦਤਾ ਨਾਲ ਮਾਮਲਾ ਹੱਲ ਕਰਨ ਦੀ ਕੋਸ਼ਿਸ਼ ਕਰੋ ਤੇ ਗੱਲ-ਗੱਲ ‘ਤੇ ਪੁਲੀਸ ਜਾਂ ਅਦਾਲਤ ਦੀ ਧਮਕੀ ਦੇ ਕੇ ਮਾਮਲਾ ਨਾ ਵਿਗਾੜੋ। ਧੀ ਦੇ ਸਹੁਰਿਆਂ ਨਾਲ ਗੱਲਬਾਤ ਜਾਂ ਬਹਿਸ ਕਰਦੇ ਸਮੇਂ ਘਟੀਆ ਸ਼ਬਦਾਵਲੀ ਦੀ ਵਰਤੋਂ ਨਾ ਕਰੋ ਕਿਉਂਕਿ ਇਸ ਨਾਲ ਉਸ ਘਰ ਵਿੱਚ ਤੁਹਾਡੀ ਧੀ ਦੀ ਇੱਜ਼ਤ ਘਟੇਗੀ ਤੇ ਤੁਹਾਡੀ ਵੀ। ਲੋੜ ਪੈਣ ‘ਤੇ ਕਾਨੂੰਨੀ ਪ੍ਰਕਿਰਿਆ ਦਾ ਸਹਾਰਾ ਵੀ ਲਿਆ ਜਾ ਸਕਦਾ ਹੈ, ਪਰ ਜੇਕਰ ਤੁਸੀਂ ਕਦੇ ਆਪਣੇ ਵੱਲੋਂ ਵੱਧ-ਘੱਟ ਕੀਤਾ ਜਾਂ ਬੋਲਿਆ ਨਾ ਹੋਵੇ ਤਾਂ ਤੁਹਾਡੇ ਹੱਕ ਵਿੱਚ ਫ਼ੈਸਲਾ ਹੋਣ ਦੀ ਸੰਭਾਵਨਾ ਵੱਧ ਹੋਵੇਗੀ।
ਸੰਪਰਕ: 97816-46008