ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 27 ਜੂਨ
ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪ੍ਰਦੂਸ਼ਣ ਨੂੰ ਘਟਾਉਣ ਤੇ ਇਲੈਕਟ੍ਰਿਕ ਵਾਹਨਾਂ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਦਿੱਲੀ ਵਿੱਚ 42 ਹੋਰ ਈਵੀ ਚਾਰਜਿੰਗ ਸਟੇਸ਼ਨਾਂ ਦਾ ਉਦਘਾਟਨ ਕੀਤਾ ਹੈ। ਦਿੱਲੀ ਵਿੱਚ ਹੁਣ ਚਾਰਜਿੰਗ ਸਟੇਸ਼ਨ 53 ਸਥਾਨਾਂ ‘ਤੇ ਸਥਾਪਤ ਕੀਤੇ ਗਏ ਹਨ, ਜਿਨ੍ਹਾਂ ਵਿੱਚ 4,646 ਚਾਰਜਿੰਗ ਪੁਆਇੰਟ ਤੇ 250 ‘ਬੈਟਰੀ ਸਵੈਪਿੰਗ’ ਸਟੇਸ਼ਨ ਹਨ।
ਇਸ ਮੌਕੇ ਉਨ੍ਹਾਂ ਕਿਹਾ ਕਿ ਦਿੱਲੀ ਵਿੱਚ ਇਲੈਕਟ੍ਰਿਕ ਵਾਹਨ ਚਲਾਉਣਾ ਦੇਸ਼ ਵਿੱਚ ਸਭ ਤੋਂ ਸਸਤਾ ਹੈ। ਦੇਸ਼ ਭਰ ਵਿੱਚ ਚਾਰਜਿੰਗ ਸਟੇਸ਼ਨਾਂ ਵਿੱਚੋਂ ਇੱਕ ਤਿਹਾਈ ਦਿੱਲੀ ਵਿੱਚ ਹਨ ਤੇ ਅੱਧੇ ਤੋਂ ਵੱਧ ਈਵੀ ਵਾਹਨ ਦਿੱਲੀ ਵਿੱਚ ਚੱਲ ਰਹੇ ਹਨ। ਦਿੱਲੀ ਦੀ ਈਵੀ ਨੀਤੀ ਦੇਸ਼ ਵਿੱਚ ਸਭ ਤੋਂ ਵਧੀਆ ਹੈ। ਨੀਤੀ ਆਯੋਗ ਨੇ ਇਸ ਦੀ ਸ਼ਲਾਘਾ ਕਰਦਿਆਂ ਇਹ ਵੀ ਕਿਹਾ ਹੈ ਕਿ ਦੂਜੇ ਰਾਜਾਂ ਨੂੰ ਵੀ ਦਿੱਲੀ ਤੋਂ ਸਿੱਖਣਾ ਚਾਹੀਦਾ ਹੈ। ਇਸ ਮੌਕੇ ‘ਤੇ ਬਿਜਲੀ ਮੰਤਰੀ ਆਤਿਸ਼ੀ ਤੋਂ ਇਲਾਵਾ ਵਿਧਾਇਕ ਅਖਿਲੇਸ਼ ਪਤੀ ਤ੍ਰਿਪਾਠੀ ਤੇ ਸੀਨੀਅਰ ਅਧਿਕਾਰੀ ਮੌਜੂਦ ਸਨ।
ਉਨ੍ਹਾਂ ਕਿਹਾ ਕਿ ਆਉਣ ਵਾਲਾ ਸਮਾਂ ਹੁਣ ਇਲੈਕਟ੍ਰਿਕ ਵਾਹਨਾਂ ਦਾ ਹੈ ਤੇ ਦਿੱਲੀ ਇਸ ਦਿਸ਼ਾ ‘ਚ ਤੇਜ਼ੀ ਨਾਲ ਵਧ ਰਹੀ ਹੈ। ਉਨ੍ਹਾਂ ਕਿਹਾ ਕਿ 2020 ਵਿੱਚ ਈਵੀ ਨੀਤੀ ਲਿਆ ਕੇ 25 ਫ਼ੀਸਦ ਈਵੀ ਖਰੀਦਣ ਦਾ ਟੀਚਾ ਰੱਖਿਆ ਸੀ, ਅੱਜ ਦਿੱਲੀ ਵਿੱਚ 13 ਪ੍ਰਤੀਸ਼ਤ ਈਵੀ ਖਰੀਦੇ ਜਾ ਰਹੇ ਹਨ, ਜਦੋਂਕਿ ਰਾਸ਼ਟਰੀ ਔਸਤ ਸਿਰਫ 6 ਪ੍ਰਤੀਸ਼ਤ ਹੈ। ਸਬਸਿਡੀ, ਚਾਰਜਿੰਗ ਸਟੇਸ਼ਨ, ਚਾਰਜਿੰਗ ਫੀਸ ਅਤੇ ਦਿੱਲੀ ਵਾਸੀਆਂ ਦੇ ਸਹਿਯੋਗ ਨੇ ਦਿੱਲੀ ਈਵੀ ਨੀਤੀ ਨੂੰ ਸਫਲ ਬਣਾਇਆ ਹੈ।
ਊਰਜਾ ਮੰਤਰੀ ਆਤਿਸ਼ੀ ਨੇ ਕਿਹਾ ਕਿ ਹੁਣ ਦਿੱਲੀ ਦੀ ਈਵੀ ਨੀਤੀ ਅਮਰੀਕਾ ਤੇ ਯੂਰਪ ਦੇ ਬਰਾਬਰ ਪਹੁੰਚ ਗਈ ਹੈ ਅਤੇ ਨੀਤੀ ਆਯੋਗ ਨੇ ਵੀ ਇਸ ਦੀ ਸ਼ਲਾਘਾ ਕੀਤੀ ਹੈ। ਆਤਿਸ਼ੀ ਨੇ ਕਿਹਾ ਕਿ ਦਿੱਲੀ ਵਿੱਚ ਰਹਿਣ ਵਾਲੇ ਲੋਕ ਅਕਸਰ ਪ੍ਰਦੂਸ਼ਣ ਤੋਂ ਪ੍ਰੇਸ਼ਾਨ ਰਹਿੰਦੇ ਹਨ। ਖਾਸ ਕਰ ਕੇ ਸਾਲ ਦੇ ਕੁਝ ਮਹੀਨੇ ਅਜਿਹੇ ਆਉਂਦੇ ਹਨ, ਜਦੋਂ ਪ੍ਰਦੂਸ਼ਣ ਵੱਧ ਜਾਂਦਾ ਹੈ ਤੇ ਪੂਰੇ ਦੇਸ਼ ਵਿੱਚ ਇਹ ਚਰਚਾ ਦਾ ਵਿਸ਼ਾ ਬਣ ਜਾਂਦਾ ਹੈ ਕਿ ਦਿੱਲੀ ਦਾ ਪ੍ਰਦੂਸ਼ਣ ਪੱਧਰ ਵੱਧ ਗਿਆ ਹੈ। ਦਿੱਲੀ ਸਰਕਾਰ ਪ੍ਰਦੂਸ਼ਣ ਘਟਾਉਣ ਲਈ ਪਿਛਲੇ ਕਈ ਸਾਲਾਂ ਤੋਂ ਲਗਾਤਾਰ ਕੋਸ਼ਿਸ਼ਾਂ ਕਰ ਰਹੀ ਹੈ। ਦਿੱਲੀ ਦੇ ਬਾਹਰੋਂ ਆ ਰਹੇ ਪ੍ਰਦੂਸ਼ਣ ‘ਤੇ ਸਰਕਾਰ ਕੁਝ ਨਹੀਂ ਕਰ ਸਕਦੀ। ਉਨ੍ਹਾਂ ਕਿਹਾ ਕਿ ਅੱਜ ਪੂਰੇ ਦੇਸ਼ ‘ਚ ਵਿਕਣ ਵਾਲੇ ਕੁੱਲ ਵਾਹਨਾਂ ‘ਚੋਂ ਇਲੈਕਟ੍ਰਿਕ ਵਾਹਨਾਂ ਦੀ ਖਰੀਦ 7 ਤੋਂ 8 ਫ਼ੀਸਦੀ ਹੈ, ਜਦੋਂਕਿ ਦਿੱਲੀ ‘ਚ ਇਹ 12 ਤੋਂ 14 ਫੀਸਦੀ ਹੈ, ਜੋ ਕਿ ਪੂਰੇ ਦੇਸ਼ ਨਾਲੋਂ ਦੁੱਗਣਾ ਹੈ।