ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 23 ਜੂਨ
ਪਿਛਲੇ ਸਾਲ ਨਵੰਬਰ ਮਹੀਨੇ ਵਿੱਚ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਵਿਦਿਆਰਥੀਆਂ ਦੇ ਵਿਦਿਅਕ ਟੂਰਾਂ ਦੇ ਮਸਲੇ ‘ਤੇ ਤਤਕਾਲੀ ਡਿਪਟੀ ਡੀਈਓ (ਸੈ.ਸਿੱ.) ਵੱਲੋਂ ਪੰਜ ਅਧਿਆਪਕ ਆਗੂਆਂ ਵਿਰੁੱਧ ਦਰਜ ਕਰਵਾਈ ਐੱਫ.ਆਈ.ਆਰ. ਦੇ ਸਬੰਧੀ ਡੀਟੀਐੱਫ ਅਤੇ ਸੰਗਰੂਰ ਜ਼ਿਲ੍ਹੇ ਦੀਆਂ ਕਈ ਜਥੇਬੰਦੀਆਂ ਦਾ ਵਫਦ ਐੱਸਪੀ ਡੀ ਪਲਵਿੰਦਰ ਸਿੰਘ ਚੀਮਾ ਨੂੰ ਮਿਲਿਆ। ਇਸ ਸਬੰਧੀ ਡੈਮੋਕ੍ਰੇਟਿਕ ਟੀਚਰਜ਼ ਫਰੰਟ ਦੇ ਸੂਬਾ ਜਨਰਲ ਸਕੱਤਰ ਬਲਵੀਰ ਲੌਂਗੋਵਾਲ ਅਤੇ ਜ਼ਿਲ੍ਹਾ ਪ੍ਰਧਾਨ ਦਾਤਾ ਸਿੰਘ ਨਮੋਲ ਨੇ ਦੋਸ਼ ਲਾਇਆ ਕਿ ਮਾਮਲੇ ਦੀ ਪੜਤਾਲ ਕਰ ਰਹੇ ਡੀਐੱਸਪੀ ਵੱਲੋਂ ਉਨ੍ਹਾਂ ਦੇ ਪੱਖ ਨੂੰ ਨਜ਼ਰਅੰਦਾਜ਼ ਕੀਤਾ ਗਿਆ ਅਤੇ ਉਨ੍ਹਾਂ ਦੁਆਰਾ ਪੇਸ਼ ਕੀਤੇ ਸਬੂਤਾਂ ਦੀ ਘੋਖ ਕਰਨ ਦੀ ਵੀ ਕੋਈ ਕੋਸ਼ਿਸ਼ ਨਹੀਂ ਕੀਤੀ ਗਈ, ਜਿਸ ਕਾਰਨ ਉਹ ਐੱਸਐੱਸਪੀ ਦਫ਼ਤਰ ਪੁੱਜੇ। ਇੱਥੇ ਐੱਸਪੀ ਡੀ ਪਲਵਿੰਦਰ ਸਿੰਘ ਚੀਮਾ ਵਲੋਂ ਜਥੇਬੰਦੀਆਂ ਦੇ ਪੱਖ ਨੂੰ ਧਿਆਨ ਨਾਲ ਸੁਣਿਆ ਗਿਆ। ਉਨ੍ਹਾਂ ਕਿਹਾ ਕਿ ਉਹ ਇਸ ਮਸਲੇ ਵਿੱਚ ਜਾਂਚ ਅਫ਼ਸਰ ਨੂੰ ਬਦਲ ਦੇਣਗੇ ਅਤੇ ਜਥੇਬੰਦੀਆਂ ਦੇ ਪੱਖ ਨੂੰ ਸੁਣ ਕੇ ਅਤੇ ਸਬੂਤਾਂ ਅਤੇ ਤੱਥਾਂ ਦੇ ਆਧਾਰ ‘ਤੇ ਫੈਸਲਾ ਕਰ ਕੇ ਇਸ ਮਾਮਲੇ ਵਿੱਚ ਇਨਸਾਫ਼ ਕੀਤਾ ਜਾਵੇਗਾ। ਵਫ਼ਦ ਵਿੱਚ ਬੀਕੇਯੂ ਉਗਰਾਹਾਂ ਦੇ ਜਗਤਾਰ ਸਿੰਘ ਕਾਲਾਝਾੜ, ਅਮਰੀਕ ਸਿੰਘ ਗੰਢੂਆਂ, ਗੁਰਚਰਨ ਖੋਖਰ, ਬੀਕੇਯੂ ਏਕਤਾ ਆਜ਼ਾਦ ਦੇ ਰਾਜਪਾਲ ਸਿੰਘ, ਕਰਤਾਰ ਸਿੰਘ ਕਾਲਾਝਾੜ, ਕਮਲਦੀਪ ਕੌਰ, ਤਰਕਸ਼ੀਲ ਸੁਸਾਇਟੀ ਪੰਜਾਬ ਦੇ ਮਾਸਟਰ ਪਰਮਵੇਦ, ਦੇਸ਼ ਭਗਤ ਯਾਦਗਾਰ ਲੌਂਗੋਵਾਲ ਦੇ ਜੁਝਾਰ ਲੌਂਗੋਵਾਲ, ਕਮਲਜੀਤ ਵਿੱਕੀ, ਸ਼ਹੀਦ ਊਧਮ ਸਿੰਘ ਵਿਚਾਰ ਮੰਚ ਸੁਨਾਮ ਦੇ ਰਾਕੇਸ਼ ਕੁਮਾਰ, ਅਨਿਲ ਕੁਮਾਰ, ਕਰਮ ਸਿੰਘ, ਜ਼ਮਹੂਰੀ ਅਧਿਕਾਰ ਸਭਾ ਪੰਜਾਬ ਦੇ ਕੁਲਦੀਪ ਸਿੰਘ, ਸਾਂਝਾ ਅਧਿਆਪਕ ਮੋਰਚੇ ਦੇ ਗੁਰਸੇਵਕ ਕਲੇਰ, ਲੈਕਚਰਾਰ ਯੂਨੀਅਨ ਦੇ ਪਰਮਿੰਦਰ ਲੌਂਗੋਵਾਲ, ਪੀਐੱਸਯੂ ਲਲਕਾਰ ਦੇ ਬਬਲੂ, ਲੋਕ ਸੰਗੀਤ ਮੰਡਲੀ ਛਾਜਲੀ ਦੇ ਦੇਸ ਰਾਜ ਛਾਜਲੀ ਅਤੇ ਵੱਡੀ ਗਿਣਤੀ ਵਿੱਚ ਡੀ.ਟੀ.ਐੱਫ. ਦੇ ਬਲਾਕ ਤੇ ਜ਼ਿਲ੍ਹਾ ਆਗੂ ਤੇ ਕਾਰਕੁਨ ਸ਼ਾਮਲ ਸਨ।