ਪੱਤਰ ਪ੍ਰੇਰਕ
ਮਾਨਸਾ, 26 ਜੂਨ
ਪੰਜਾਬ ਕਿਸਾਨ ਯੂਨੀਅਨ ਨੇ ਮਾਨਸਾ ਜ਼ਿਲ੍ਹੇ ਦੇ ਪਿੰਡ ਰਿਉਂਦ ਖੁਰਦ ਦੇ ਕਿਸਾਨ ਬਲਵੀਰ ਸਿੰਘ ਉਰਫ਼ ਕਾਲਾ ਦੀ ਜੱਦੀ ਜ਼ਮੀਨ ‘ਤੇ ਕੁਝ ਲੋਕਾਂ ਵੱਲੋਂ ਕੀਤੀ ਜਾ ਰਹੀ ਕਬਜ਼ਾ ਕਾਰਵਾਈ ਦੇ ਵਿਰੋਧ ‘ਚ ਡੱਟਦਿਆਂ ਅੱਜ ਧਰਨਾ ਲਾਇਆ, ਜਿਸ ਤੋਂ ਬਾਅਦ ਪੰਜਾਬ ਪੁਲੀਸ ਅਤੇ ਸਿਵਲ ਅਧਿਕਾਰੀਆਂ ਵੱਲੋਂ ਮਾਮਲੇ ਦੇ ਵਿੱਚ ਪੈਕੇ ਇੱਕ ਵਾਰ ਸਮਝੌਤੇ ਦੀ ਗੱਲ ਨੂੰ ਚਲਾ ਕੇ ਧਰਨਾ ਨੂੰ ਇੱਕ ਹਫ਼ਤੇ ਲਈ ਮੁਲਤਵੀ ਕਰ ਦਿੱਤਾ ਗਿਆ। ਧਰਨੇ ਵਾਲੀ ਥਾਂ ਦੇ ਨੇੜੇ ਐੱਸਐੱਚਓ ਥਾਣਾ ਬੋਹਾ ਭੁਪਿੰਦਰ ਸਿੰਘ, ਨਾਇਬ ਤਹਿਸੀਲਦਾਰ ਬਲਕਾਰ ਸਿੰਘ ਤੇ ਕਾਨੂੰਨਗੋ, ਪਟਵਾਰੀ ਅਤੇ ਮਾਲ ਮਹਿਕਮੇ ਦੇ ਹੋਰ ਅਧਿਕਾਰੀਆਂ ਨੇ ਕਿਸਾਨ ਜਥੇਬੰਦੀ ਨਾਲ ਮਸਲੇ ਦੇ ਹੱਲ ਲਈ ਗੱਲਬਾਤ ਦਾ ਪ੍ਰਸਤਾਵ ਰੱਖਿਆ, ਜਿਸ ਤੋਂ ਮਗਰੋਂ ਕਿਸਾਨ ਜਥੇਬੰਦੀ ਵੱਲੋਂ ਸੂਬਾਈ ਆਗੂ ਗੁਰਜੰਟ ਸਿੰਘ, ਗੁਰਨਾਮ ਸਿੰਘ ਭੀਖੀ, ਰਾਮ ਫ਼ਲ ਸਿੰਘ ਚੱਕ ਅਲੀਸ਼ੇਰ, ਪੰਜਾਬ ਸਿੰਘ ਅਕਲੀਆ ਅਤੇ ਪੀੜਤ ਕਿਸਾਨ ਬਲਵੀਰ ਸਿੰਘ ਉਰਫ਼ ਕਾਲਾ ਸ਼ਾਮਲ ਹੋਏੇ। ਗੱਲਬਾਤ ਤੋਂ ਬਾਅਦ ਅਧਿਕਾਰੀਆਂ ਵੱਲੋਂ ਭਰੋਸਾ ਦਿੱਤਾ ਗਿਆ ਕਿ ਇੱਕ ਹਫ਼ਤੇ ਦੇ ਅੰਦਰ-ਅੰਦਰ ਦੋਹਾਂ ਧਿਰਾਂ ਨੂੰ ਬਿਠਾਕੇ ਮਸਲੇ ਦਾ ਹੱਲ ਕੱਢਿਆ ਜਾਵੇਗਾ।