ਪੱਤਰ ਪ੍ਰੇਰਕ
ਤਲਵਾੜਾ, 29 ਜੂਨ
ਇੱਥੇ ਡੈਮ ਰੋਡ ਸਥਿਤ ਇੱਕ ਹੋਟਲ ‘ਚ ਚੱਲਦੇ ਦੇਹ ਵਪਾਰ ਦੇ ਧੰਦੇ ਦਾ ਸਥਾਨਕ ਪੁਲੀਸ ਨੇ ਪਰਦਾਫ਼ਾਸ਼ ਕੀਤਾ ਹੈ। ਪੁਲੀਸ ਨੇ ਮੌਕੇ ‘ਤੇ ਔਰਤਾਂ ਅਤੇ ਮਰਦਾਂ ਨੂੰ ਇਤਰਾਜ਼ਯੋਗ ਹਾਲਤ ‘ਚ ਕਾਬੂ ਕੀਤਾ ਹੈ। ਹੋਟਲ ਮਾਲਕ ਅਤੇ ਉਸ ਦੇ ਕਰਿੰਦਿਆਂ ਸਮੇਤ ਕੁੱਲ 13 ਖ਼ਿਲਾਫ਼ ਕੇਸ ਦਰਜ ਕੀਤਾ ਹੈ। ਥਾਣਾ ਮੁਖੀ ਹਰਗੁਰਦੇਵ ਸਿੰਘ ਨੇ ਦੱਸਿਆ ਕਿ ਟੈਰਸ ਰੋਡ ਸਥਿਤ ਮੂਨ ਕਿਊ-3 ਫੂਡ ਹੋਟਲ ‘ਚ ਪਿਛਲੇ ਕੁਝ ਸਮੇਂ ਤੋਂ ਦੇਹ ਵਪਾਰ ਦਾ ਧੰਦਾ ਚੱਲ ਰਿਹਾ ਸੀ, ਅੱਜ ਪੁਲੀਸ ਨੇ ਮੁਖ਼ਬਰ ਖਾਸ ਦੀ ਇਤਲਾਹ ‘ਤੇ ਉਕਤ ਹੋਟਲ ‘ਚ ਛਾਪਾ ਮਾਰਿਆ। ਮੌਕੇ ‘ਤੇ ਪੁਲੀਸ ਨੇ ਹੋਟਲ ‘ਚੋਂ ਛੇ ਔਰਤਾਂ ਅਤੇ 5 ਪੁਰਸ਼ਾਂ ਨੂੰ ਇਤਰਾਜ਼ਯੋਗ ਹਾਲਤ ‘ਚ ਕਾਬੂ ਕੀਤਾ ਹੈ।
ਪੁਲੀਸ ਨੇ ਦੇਹ ਵਪਾਰ ਦਾ ਧੰਦਾ ਕਰਵਾਉਣ ਦੇ ਦੋਸ਼ ਹੇਠ ਹੋਟਲ ਮਾਲਕ ਅਮਿਤ ਸ਼ਰਮਾ ਉਰਫ਼ ਰਿੰਕੂ ਪੁੱਤਰ ਰਾਮ ਪ੍ਰਤਾਪ ਸ਼ਰਮਾ ਵਾਸੀ ਮੁਹਲਾ ਨਗਰ, ਮੈਨੇਜਰ ਸੁਮੀਤ ਪੁੱਤਰ ਜੋਗਿੰਦਰ ਪਾਲ ਵਾਸੀ ਮੁਹੱਲਾ ਹਲੇੜ੍ਹ ਅਤੇ ਦੀਪੂ ਜੋਗਰਾਰ ਵਾਸੀ ਮੁਹੱਲਾ ਸਾਂਡਪੁਰ ਥਾਣਾ ਤਲਵਾੜਾ ਆਦਿ ਸਮੇਤ 13 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ। ਥਾਣਾ ਮੁਖੀ ਨੇ ਦਸਿਆ ਕਿ 12 ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ, ਜਦਕਿ ਹੋਟਲ ਮਾਲਕ ਦੀ ਗ੍ਰਿਫ਼ਤਾਰੀ ਲਈ ਪੁਲੀਸ ਪਾਰਟੀ ਵੱਲੋਂ ਛਾਪੇ ਮਾਰੇ ਜਾ ਰਹੇ ਹਨ।