ਸੰਤੋਖ ਗਿੱਲ
ਰਾਏਕੋਟ, 24 ਜੂਨ
ਥਾਣਾ ਸਦਰ ਰਾਏਕੋਟ ਅਧੀਨ ਪਿੰਡ ਉਮਰਪੁਰਾ ਵਿੱਚ ਝੋਨੇ ਦੀ ਫ਼ਸਲ ਬੀਜਣ ਲਈ ਦੂਜੇ ਰਾਜਾਂ ਤੋਂ ਆਏ ਪਰਵਾਸੀ ਮਜ਼ਦੂਰਾਂ ਨੂੰ ਲੈ ਕੇ ਦੋ ਕਿਸਾਨ ਪਰਿਵਾਰ ਆਪਸ ਵਿੱਚ ਭਿੜ ਗਏ। ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਸਬ-ਇੰਸਪੈਕਟਰ ਮਨੋਹਰ ਲਾਲ ਅਨੁਸਾਰ ਕਿਸਾਨ ਭੁਪਿੰਦਰ ਸਿੰਘ ਦੀ ਸ਼ਿਕਾਇਤ ਦੇ ਅਧਾਰ ‘ਤੇ ਜ਼ੋਰਾ ਸਿੰਘ, ਹਰਨੇਕ ਸਿੰਘ ਦੋਵੇਂ ਭਰਾਵਾਂ ਤੋਂ ਇਲਾਵਾ ਬਲਜੀਤ ਸਿੰਘ ਅਤੇ ਪੰਮਾ ਸਿੰਘ ਪਿਉ-ਪੁੱਤਰਾਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ। ਇਸ ਝਗੜੇ ਵਿੱਚ ਭੁਪਿੰਦਰ ਸਿੰਘ ਦੇ ਖੱਬੇ ਹੱਥ ਦੀਆਂ ਉਂਗਲਾਂ ਟੁੱਟ ਗਈਆਂ ਅਤੇ ਦੋਵੇਂ ਲੱਤਾਂ-ਬਾਂਹਾਂ ‘ਤੇ ਵੀ ਗੰਭੀਰ ਸੱਟਾਂ ਲੱਗੀਆਂ ਹਨ। ਥਾਣਾ ਸਦਰ ਪੁਲੀਸ ਕੋਲ ਦਰਜ ਕਰਵਾਈ ਸ਼ਿਕਾਇਤ ਅਨੁਸਾਰ ਭੁਪਿੰਦਰ ਸਿੰਘ ਨੇ ਦੱਸਿਆ ਕਿ ਜਦੋਂ ਉਹ ਸ਼ੁੱਕਰਵਾਰ ਸ਼ਾਮ ਨੂੰ ਆਪਣੇ ਖੇਤ ਗਿਆ ਤਾਂ ਨਾਲ ਲੱਗਦੀ ਜ਼ਮੀਨ ਦਾ ਮਾਲਕ ਕਿਸਾਨ ਜ਼ੋਰਾ ਸਿੰਘ ਉਸ ਨਾਲ ਝਗੜਾ ਕਰਨ ਲੱਗਾ ਅਤੇ ਝੋਨਾ ਲਾਉਣ ਲਈ ਦੂਜੇ ਸੂਬੇ ਤੋਂ ਆਏ ਮਜ਼ਦੂਰਾਂ ਨੂੰ ਆਪਣੇ ਨਾਲ ਲੈ ਜਾਣ ਦੀ ਜ਼ਿੱਦ ਕਰ ਰਿਹਾ ਸੀ। ਇਸੇ ਦੌਰਾਨ ਜ਼ੋਰਾ ਸਿੰਘ ਦਾ ਭਰਾ ਹਰਨੇਕ ਸਿੰਘ ਵੀ ਮੌਕੇ ‘ਤੇ ਆ ਗਿਆ ਅਤੇ ਦੋਵੇਂ ਮਜ਼ਦੂਰਾਂ ਨੂੰ ਪਹਿਲਾਂ ਆਪਣੇ ਖੇਤਾਂ ਵਿੱਚ ਝੋਨਾ ਬੀਜਣ ਲਈ ਮਜਬੂਰ ਕਰਨ ਲੱਗੇ। ਇਨਕਾਰ ਕਰਨ ‘ਤੇ ਹਰਨੇਕ ਸਿੰਘ ਨੇ ਇੱਟ ਚੁੱਕ ਕੇ ਉਸ ਦੀ ਧੌਣ ‘ਚ ਮਾਰੀ। ਭੁਪਿੰਦਰ ਸਿੰਘ ਅਨੁਸਾਰ ਉਹ ਜਾਨ ਬਚਾ ਕੇ ਉੱਥੋਂ ਭੱਜ ਗਿਆ। ਜ਼ੋਰਾ ਸਿੰਘ ਤੇ ਹਰਨੇਕ ਸਿੰਘ ਨੇ ਰਾਤ ਨੂੰ ਖੇਤ ਜਾਂਦੇ ਉਸ ਨੂੰ ਫਿਰ ਘੇਰ ਲਿਆ। ਉਸ ਨੇ ਆਪਣੇ ਸਾਥੀ ਬਲਜੀਤ ਸਿੰਘ ਤੇ ਪੁੱਤਰ ਪੰਮਾ ਸਿੰਘ ਨੂੰ ਵੀ ਬੁਲਾ ਲਿਆ। ਚਾਰਾਂ ਨੇ ਉਸ ਨੂੰ ਜ਼ਮੀਨ ‘ਤੇ ਸੁੱਟ ਕੇ ਉਸ ਦੀ ਪਤਨੀ ਇੰਦਰਜੀਤ ਕੌਰ ਤੇ ਧੀ ਦਿਲਪ੍ਰੀਤ ਕੌਰ ਦੀ ਮੌਜੂਦਗੀ ਵਿੱਚ ਵਾਲ ਤੇ ਦਾੜ੍ਹੀ ਖਿੱਚੀ ਅਤੇ ਮਾਰੂ ਹਥਿਆਰਾਂ ਨਾਲ ਕੁੱਟਮਾਰ ਕੀਤੀ।