ਪੱਤਰ ਪੇ੍ਰਕ
ਝੁਨੀਰ, 25 ਜੂਨ
ਨਹਿਰੀ ਵਿਭਾਗ ਦੀ ਲੇਹਲ ਡਿਵੀਜ਼ਨ ਨਾਲ ਸਬੰਧਿਤ ਮੰਦਰਾਂ ਹੇਠ ਦੀ ਨਹਿਰੀ ਟੇਲ ‘ਤੇ ਸਥਿਤ ਪਿੰਡ ਚਚੋਹਰ, ਦਾਨੇਵਾਲਾ ਅਤੇ ਦਲੇਲਵਾਲਾ ਆਦਿ ਪਿੰਡਾਂ ਦੇ ਕਿਸਾਨ ਟੇਲ ਦੀ ਸਫਾਈ ਢੰਗ ਨਾਲ ਨਾ ਹੋਣ ਅਤੇ ਨਹਿਰੀ ਪਾਣੀ ਮਨਜ਼ੂਰ ਮਾਤਰਾ ਨਾਲੋਂ ਘੱਟ ਮਿਲਣ ਕਾਰਨ ਪ੍ਰੇਸ਼ਾਨ ਹਨ। ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੀ ਬਲਾਕ ਇਕਾਈ ਦੇ ਕਾਰਜਕਾਰੀ ਪ੍ਰਧਾਨ ਕੁਲਦੀਪ ਸਿੰਘ, ਪਿੰਡ ਇਕਾਈ ਦੇ ਪ੍ਰਧਾਨ ਮੰਗਲ ਸਿੰਘ ਚਚੋਹਰ, ਜਗਦੇਵ ਸਿੰਘ, ਗੁਰਲਾਲ ਸਿੰਘ, ਤਰਸੇਮ ਸਿੰਘ, ਜੁਗਰਾਜ ਸਿੰਘ ਕੋਰਵਾਲਾ, ਤੇਜਪਾਲ ਸਿੰਘ ਤੇ ਹੋਰ ਕਿਸਾਨਾਂ ਨੇ ਦੱਸਿਆ ਕਿ ਟੇਲ ਤੇ ਸੂਏ ਦੀ ਸਫਾਈ ਚੰਗੇ ਤਰੀਕੇ ਨਾਲ ਨਾ ਹੋਣ ਤੇ ਹੋਰ ਤਕਨੀਕੀ ਘਾਟ ਕਾਰਨ ਨਹਿਰੀ ਹੈੱਡ ਤੋਂ ਅੱਗੇ ਪਾਣੀ ਦਾ ਵਹਾਅ ਕਾਫ਼ੀ ਘੱਟ ਹੋ ਜਾਂਦਾ ਹੈ। ਆਗੂਆਂ ਨੇ ਦੱਸਿਆ ਕਿ ਧਰਤੀ ਹੇਠਲਾ ਪਾਣੀ ਬਹੁਤਾ ਚੰਗਾ ਨਾ ਹੋਣ ਕਾਰਨ ਕਿਸਾਨ ਜਿੱਥੇ ਆਪਣੀ ਖੇਤੀ ਲਈ ਵਧੇਰੇ ਕਰਕੇ ਨਹਿਰੀ ਪਾਣੀ ਦੀ ਸਪਲਾਈ ‘ਤੇ ਨਿਰਭਰ ਕਰਦੇ ਹਨ ਉਥੇ ਇਨ੍ਹਾਂ ਪਿੰਡਾਂ ਨੂੰ ਪੀਣ ਵਾਲਾ ਪਾਣੀ ਵੀ ਇਸ ਨਹਿਰੀ ਟੇਲ ਤੋਂ ਹੀ ਮਿਲਦਾ ਹੈ। ਕਿਸਾਨ ਆਗੂਆਂ ਨੇ ਨਹਿਰੀ ਵਿਭਾਗ ਤੋਂ ਤਕਨੀਕੀ ਖਾਮੀਆਂ ਨੂੰ ਦੂਰ ਕਰਕੇ ਸੂਏ ਦੀ ਵਧੀਆ ਤਰੀਕੇ ਨਾਲ ਸਫ਼ਾਈ ਕਰਵਾ ਕੇ ਇਨ੍ਹਾਂ ਪਿੰਡਾਂ ਨੂੰ ਮਨਜ਼ੂਰ ਹੋਈ ਮਾਤਰਾ ਅਨੁਸਾਰ ਨਹਿਰੀ ਪਾਣੀ ਸਪਲਾਈ ਕਰਨ ਦੀ ਮੰਗ ਕੀਤੀ ਹੈ।