ਨਿੱਜੀ ਪੱਤਰ ਪ੍ਰੇਰਕ
ਨਾਭਾ, 23 ਜੂਨ
ਇਥੋਂ ਦੇ ਪਿੰਡ ਸੰਧਨੋਲੀ ਵਿੱਚ ਅੱਜ ਜ਼ਮੀਨ ਦਾ ਕਬਜ਼ਾ ਦਿਵਾਉਣ ਪਹੁੰਚੀ ਪ੍ਰਸ਼ਾਸਨ ਦੀ ਟੀਮ ਦਾ ਵਿਰੋਧ ਕਰਦਿਆਂ ਜ਼ਮੀਨ ਮਾਲਕ ਦੀ ਪਤਨੀ ਬਲਜਿੰਦਰ ਕੌਰ ਨੇ ਕੋਈ ਜ਼ਹਿਰੀਲੀ ਦਵਾਈ ਪੀ ਲਈ ਤੇ ਆਪਣੇ ਪੁੱਤਰ ਨੂੰ ਪੈਟਰੋਲ ਪਾ ਕੇ ਅੱਗ ਲਾਉਣ ਦੀ ਕੋਸ਼ਿਸ਼ ਕੀਤੀ। ਪਿੰਡ ਦਿੱਤੂਪੁਰ ਦੀ ਵਸਨੀਕ ਬਲਜਿੰਦਰ ਕੌਰ ਦੇ ਪਿਤਾ ਹਰਭਜਨ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਜਵਾਈ ਤਜਿੰਦਰ ਸਿੰਘ ਨਸ਼ੇ ਦਾ ਆਦੀ ਹੈ, ਜਿਸ ਨੇ ਐੱਸਡੀਐੱਮ ਦਫ਼ਤਰ ਦੀ ਇੱਕ ਮੁਲਾਜ਼ਮ ਤੋਂ ਨਸ਼ਾ ਤੇ ਪੈਸੇ ਲੈ ਕੇ ਪੰਜ ਵਿੱਘੇ ਉਸ ਦੇ ਨਾਮ ਕਰ ਦਿੱਤੇ ਹਨ। ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਆਗੂ ਹਰਮੇਲ ਸਿੰਘ ਨੇ ਦੱਸਿਆ ਕਿ 2021 ਵਿੱਚ ਭਾਦਸੋਂ ਥਾਣੇ ‘ਚ ਸਮਝੌਤਾ ਹੋਇਆ ਸੀ ਕਿ ਉਕਤ ਮਹਿਲਾ ਆਪਣੇ ਪੈਸੇ ਵਾਪਸ ਲੈ ਕੇ ਜ਼ਮੀਨ ਦੀ ਰਜਿਸਟਰੀ ਵਾਪਸ ਕਰੇਗੀ ਪਰ ਬਾਅਦ ਵਿੱਚ ਉਹ ਗੱਲ ਤੋਂ ਪਿੱਛੇ ਹਟ ਗਈ। ਭਾਦਸੋਂ ਥਾਣਾ ਮੁਖੀ ਮਨਮੋਹਨ ਸ਼ਰਮਾ ਨੇ ਦੱਸਿਆ ਕਿ ਉਹ ਮਾਲ ਵਿਭਾਗ ਦੇ ਨਿਰਦੇਸ਼ਾਂ ‘ਤੇ ਪੁਲੀਸ ਫੋਰਸ ਨਾਲ ਲਿਜਾ ਕੇ ਕਬਜ਼ਾ ਦਿਵਾਉਣ ਗਏ ਸੀ ਤੇ ਕਬਜ਼ਾ ਸ਼ਾਂਤਮਈ ਢੰਗ ਨਾਲ ਪ੍ਰਾਪਤ ਕੀਤਾ। ਜ਼ਹਿਰ ਪੀਣ ਵਾਲੀ ਘਟਨਾ ਉਨ੍ਹਾਂ ਦੇ ਵਾਪਸ ਆਉਣ ਤੋਂ ਬਾਅਦ ਵਾਪਰੀ ਹੈ। ਪੀੜਤ ਬਲਜਿੰਦਰ ਕੌਰ ਨਾਭਾ ਸਿਵਲ ਹਸਪਤਾਲ ਵਿੱਚ ਇਲਾਜ ਅਧੀਨ ਹੈ। ਹਾਲਾਂਕਿ ਬੱਚੇ ਨੂੰ ਅੱਗ ਲਾਉਣ ਤੋਂ ਪਹਿਲਾਂ ਹੀ ਬਚਾ ਲਿਆ ਗਿਆ ਸੀ। ਯੂਨੀਅਨ ਆਗੂ ਹਰਮੇਲ ਸਿੰਘ ਨੇ ਦੋਸ਼ ਲਾਇਆ ਕਿ ਜ਼ਮੀਨ ਦੇ ਕਬਜ਼ੇ ਲਈ ਨੋਟਿਸ ਬੀਤੀ ਸ਼ਾਮ 5 ਵਜੇ ਦਿੱਤਾ ਗਿਆ ਤੇ ਅੱਜ ਸਵੇਰੇ 100 ਤੋਂ ਉਪਰ ਪੁਲੀਸ ਫੋਰਸ ਕਬਜ਼ਾ ਲੈਣ ਲਈ ਤਾਇਨਾਤ ਸੀ ਤਾਂ ਜੋ ਅਸੀਂ ਅਦਾਲਤ ਤੋਂ ਕੋਈ ਰਾਹਤ ਨਾ ਲੈ ਸਕੀਏ।