ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 12 ਮਈ
ਪਤਨੀ ਤੇ ਸਹੁਰੇ ਪਰਿਵਾਰ ਤੋਂ ਦੁਖੀ ਹੋ ਕੇ ਇੱਕ ਨੌਜਵਾਨ ਨੇ ਖੁਦਕੁਸ਼ੀ ਕਰ ਲਈ। ਖੁਦਕੁਸ਼ੀ ਤੋਂ ਪਹਿਲਾਂ ਨੌਜਵਾਨ ਨੇ ਆਪਣੇ ਮੋਬਾਈਲ ਤੋਂ ਇੱਕ ਵੀਡੀਓ ਬਣਾਈ, ਉਸ ਵੀਡੀਓ ‘ਚ ਸੱਸ, ਸਹੁਰੇ, ਪਤਨੀ ਤੇ ਸਾਲੇ ਨੂੰ ਮੌਤ ਲਈ ਜ਼ਿੰਮੇਵਾਰ ਦੱਸਿਆ ਅਤੇ ਉਹ ਵੀਡੀਓ ਆਪਣੇ ਪਿਤਾ ਨੂੰ ਭੇਜ ਦਿੱਤੀ। ਇਸ ਤੋਂ ਬਾਅਦ ਰੱਸੀ ਨਾਲ ਫਾਹਾ ਲੈ ਕੇ ਨੌਜਵਾਨ ਨੇ ਖੁਦਕੁਸ਼ੀ ਕਰ ਲਈ।
ਜਦੋਂ ਪਿਤਾ ਨੂੰ ਪਤਾ ਲੱਗਿਆ ਤਾਂ ਉਹ ਤੁਰੰਤ ਘਰ ਪੁੱਜੇ ਤੇ ਨੌਜਵਾਨ ਨੂੰ ਹਸਪਤਾਲ ਲੈ ਗਏ। ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ। ਸੂਚਨਾ ਮਿਲਣ ਤੋਂ ਬਾਅਦ ਥਾਣਾ ਡਿਵੀਜ਼ਨ ਨੰਬਰ-8 ਦੀ ਪੁਲੀਸ ਨੇ ਮੌਕੇ ‘ਤੇ ਪੁੱਜ ਕੇ ਜਾਂਚ ਸ਼ੁਰੂ ਕਰ ਦਿੱਤੀ।
ਮ੍ਰਿਤਕ ਦੀ ਪਛਾਣ ਹਿਤੇਸ਼ ਅਰੋੜਾ ਦੇ ਰੂਪ ‘ਚ ਹੋਈ ਹੈ। ਉਸ ਦੀ ਲਾਸ਼ ਕਬਜ਼ੇ ‘ਚ ਲੈ ਕੇ ਸਿਵਲ ਹਸਪਤਾਲ ਤੋਂ ਪੋਸਟਮਾਰਟਮ ਕਰਵਾ ਕੇ ਵਾਰਸਾਂ ਹਵਾਲੇ ਕਰ ਦਿੱਤੀ ਹੈ। ਜਾਣਕਾਰੀ ਦਿੰਦੇ ਹੋਏ ਰਿਸ਼ਤੇਦਾਰ ਪੁਨੀਤ ਨੇ ਦੱਸਿਆ ਕਿ 8 ਸਾਲ ਪਹਿਲਾਂ ਹਿਤੇਸ਼ ਦਾ ਵਿਆਹ ਹੋਇਆ ਸੀ। ਉਸਦੇ 2 ਬੱਚੇ ਸਨ, ਪਰ ਪਤਨੀ ਦੋਵੇਂ ਬੱਚਿਆਂ ਦੇ ਨਾਲ ਆਪਣੇ ਮਾਤਾ-ਪਿਤਾ ਕੋਲ ਚਲੀ ਗਈ। ਹਿਤੇਸ਼ ਉਸ ਨੂੰ ਮਨਾਉਣ ਗਿਆ ਸੀ, ਪਰ ਉਸਦੇ ਸਹੁਰੇ ਵਾਲਿਆਂ ਨੇ ਉਸ ਨੂੰ ਬੇਇੱਜ਼ਤ ਕਰ ਭੇਜ ਦਿੱਤਾ ਸੀ। ਉਹ ਫਿਰ ਆਪਣੇ ਬੱਚਿਆਂ ਨੂੰ ਮਿਲਣ ਲਈ ਗਿਆ, ਪਰ ਉਸਨੂੰ ਮਿਲਣ ਨਹੀਂ ਦਿੱਤਾ ਜਾ ਰਿਹਾ ਸੀ। ਇਸ ਦੇ ਨਾਲ ਹੀ ਸਹੁਰੇ ਵਾਲਿਆਂ ਨੇ ਉਸ ਦੇ ਖਿਲਾਫ਼ ਝੂਠੀ ਸ਼ਿਕਾਇਤ ਵੀ ਦਿੱਤੀ ਸੀ। ਪਰਿਵਾਰ ਅਨੁਸਾਰ ਪਤਨੀ ਤੇ ਸਹੁਰੇ ਵਾਲਿਆਂ ਨੇ ਹਿਤੇਸ਼ ਨੂੰ ਕਾਫ਼ੀ ਪ੍ਰੇਸ਼ਾਨ ਕੀਤਾ ਹੋਇਆ ਸੀ। ਉਹ ਬੱਚਿਆਂ ਨੂੰ ਮਿਲਣ ਲਈ ਗਿਆ ਸੀ, ਪਰ ਉਸਦੇ ਸਹੁਰਿਆਂ ਨੇ ਉਸਨੂੰ ਘਰੋਂ ਧੱਕੇ ਮਾਰ ਕੇ ਕੱਢ ਦਿੱਤਾ ਸੀ। ਇਸ ਕਾਰਨ ਉਹ ਕਾਫ਼ੀ ਪ੍ਰੇਸ਼ਾਨ ਰਹਿਣ ਲੱਗਿਆ ਸੀ। ਇਸ ਲਈ ਉਸਨੇ ਮੋਬਾਈਲ ‘ਤੇ ਵੀਡੀਓ ਬਣਾ ਕੇ ਕਿਹਾ ਕਿ ਉਸ ਦੀ ਪਤਨੀ ਤੇ ਸਹੁਰੇ ਵਾਲੇ ਉਸ ਨੂੰ ਪ੍ਰੇਸ਼ਾਨ ਕਰ ਰਹੇ ਹਨ। ਇਸ ਲਈ ਉਹ ਫਾਹਾ ਲੈ ਕੇ ਖੁਦਕੁਸ਼ੀ ਕਰ ਰਿਹਾ ਹੈ। ਉਧਰ, ਥਾਣਾ ਡਵੀਜ਼ਨ ਨੰਬਰ 8 ਦੇ ਐੱਸਐੱਚਓ ਵਿਜੈ ਚੌਧਰੀ ਦਾ ਕਹਿਣਾ ਹੈ ਕਿ ਪਰਿਵਾਰ ਵਾਲਿਆਂ ਦੇ ਬਿਆਨ ਲਏ ਜਾ ਰਹੇ ਹਨ। ਪੁਲੀਸ ਨੇ ਸੁਹਰੇ ਪਰਿਵਾਰ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।