ਪੱਤਰ ਪ੍ਰੇਰਕ
ਮਾਨਸਾ, 24 ਜੂਨ
ਮਾਨਸਾ ਜ਼ਿਲ੍ਹੇ ਦੇ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਡੇਲੂਆਣਾ ਦੇ ਚਾਰ ਵਿਦਿਆਰਥੀਆਂ ਨੇ ਨਵੋਦਿਆ ਵਿਦਿਆਲਿਆ ਦੀ ਪ੍ਰੀਖਿਆ ਪਾਸ ਕਰ ਲਈ ਹੈ। ਸਕੂਲ ਦੇ ਹੈੱਡ ਟੀਚਰ ਗੁਰਨਾਮ ਸਿੰਘ ਹਾਦਸੇ ਮਗਰੋਂ ਬੇਸ਼ੱਕ ਛੁੱਟੀ ‘ਤੇ ਸਨ, ਪਰ ਇਸ ਦੇ ਬਾਵਜੂਦ ਉਹ ਨਵੋਦਿਆ ਲਈ ਵਿਦਿਆਰਥੀਆਂ ਨੂੰ ਤਿਆਰੀ ਕਰਵਾਉਂਦੇ ਰਹੇ। ਇਹ ਵਿਦਿਆਰਥੀ ਹੁਣ ਨਵੋਦਿਆ ਸਕੂਲ ਫਫੜੇ ਭਾਈਕੇ ਵਿੱਚ ਛੇਵੀਂ ਜਮਾਤ ਤੋਂ ਬਾਰ੍ਹਵੀਂ ਤੱਕ ਦੀ ਸਾਰੀ ਪੜ੍ਹਾਈ ਮੁਫ਼ਤ ਤੋਂ ਇਲਾਵਾ ਹੋਸਟਲ ਦੀ ਸਹੂਲਤ ਵੀ ਹਾਸਲ ਕਰਨਗੇ। ਪਿਛਲੇ ਸਾਲ ਵੀ ਇਸ ਸਕੂਲ ਦੇ ਪੰਜ ਵਿਦਿਆਰਥੀ ਨਵੋਦਿਆ ਲਈ ਚੁਣੇ ਗਏ ਸਨ। ਸਕੂਲ ਦੇ ਹੈੱਡ ਟੀਚਰ ਗੁਰਨਾਮ ਸਿੰਘ, ਜਮਾਤ ਇੰਚਾਰਜ ਸਰਬਜੀਤ ਕੌਰ ਵੱਲੋਂ ਕਰਵਾਈ ਗਈ ਮਿਹਨਤ ਨੂੰ ਬੂਰ ਪਿਆ ਹੈ, ਇਸ ਸਕੂਲ ਦੇ ਵਿਦਿਆਰਥੀ ਅਮਨਦੀਪ ਕੌਰ ਪੁੱਤਰੀ ਗੁਰਮੇਲ ਸਿੰਘ, ਕਰਮਪ੍ਰੀਤ ਕੌਰ ਪੁੱਤਰੀ ਬੂਟਾ ਸਿੰਘ, ਤਰਨਵੀਰ ਸਿੰਘ ਪੁੱਤਰ ਗੁਰਮੇਲ ਸਿੰਘ, ਮਨਵੀਰ ਕੌਰ ਪੁੱਤਰੀ ਹੈਪੀ ਸਿੰਘ ਨਵੋਦਿਆ ਲਈ ਚੁਣੇ ਗਏ ਹਨ। ਮਾਪਿਆਂ ਦਾ ਕਹਿਣਾ ਸੀ ਕਿ ਬੇਸ਼ੱਕ ਉਹ ਆਪਣੇ ਬੱਚਿਆਂ ਦੀ ਪੜ੍ਹਾਈ ਲਈ ਹਰ ਸੰਭਵ ਕੋਸ਼ਿਸ਼ਾਂ ਕਰਦੇ ਹਨ, ਪਰ ਘਰਾਂ ਦੀਆਂ ਤੰਗੀਆਂ ਤੁਰਸ਼ੀਆਂ ਦੇ ਝਮੇਲਿਆਂ ਕਾਰਨ ਬੱਚਿਆਂ ਨੂੰ ਅੱਧ ਵਿਚਾਲੇ ਹਟਾਉਣਾ ਕਈ ਵਾਰ ਮਜਬੂਰੀ ਬਣ ਜਾਂਦਾ ਹੈ।