ਮੋਗਾ: ਇੱਥੇ ਜ਼ਿਲ੍ਹੇ ਦੀ ਸਬ-ਡਿਵੀਜ਼ਨ ਧਰਮਕੋਟ ਖੇਤਰ ਦੇ ਇੱਕ ਪਿੰਡ ਦੀ ਨਾਬਾਲਗ ਲੜਕੀ ਨਾਲ ਸਮੂਹਿਕ ਜਬਰ ਜਨਾਹ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਤ ਨੂੰ ਸਥਾਨਕ ਸਿਵਲ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ। ਥਾਣਾ ਧਰਮਕੋਟ ਮੁਖੀ ਇੰਸਪੈਕਟਰ ਗੁਰਵਿੰਦਰ ਸਿੰਘ ਭੁੱਲਰ ਨੇ ਦੱਸਿਆ ਕਿ ਪੀੜਤ ਨਾਬਾਲਗ ਲੜਕੀ ਦੇ ਬਿਆਨ ਉੱਤੇ ਚਾਰ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਪੀੜਤ ਮੁਤਾਬਕ ਉਹ ਬੀਤੇ ਕੱਲ੍ਹ ਮੇਲੇ ਤੋਂ ਆਪਣੇ ਪਿੰਡ ਪਰਤ ਰਹੀ ਸੀ ਅਤੇ ਉਨ੍ਹਾਂ ਦੇ ਪਿੰਡ ਦੇ ਹੀ ਚਾਰ ਨੌਜਵਾਨ ਉਸਨੂੰ ਮੋਟਰਸਾਈਕਲ ‘ਤੇ ਬਿਠਾ ਕੇ ਪਿੰਡ ਵਿਚ ਹੀ ਕਿਸੇ ਖਾਲੀ ਘਰ ਵਿਚ ਲੈ ਗਏ ਅਤੇ ਉਥੇ ਚਾਰਾਂ ਮੁਲਜ਼ਮਾਂ ਨੇ ਉਸ ਨਾਲ ਜਬਰ ਜਨਾਹ ਕੀਤਾ। ਇਸ ਬਾਅਦ ਉਸ ਨੂੰ ਬੰਦ ਬਣਾ ਲਿਆ ਗਿਆ ਅਤੇ ਕਿਸੇ ਕੋਲ ਮੂੰਹ ਖੋਲ੍ਹਣ ਉੱਤੇ ਧਮਕਾਇਆ ਗਿਆ। ਇਸ ਦੌਰਾਨ ਪਿੰਡ ਦੇ ਸਰਪੰਚ ਦੀ ਦਖ਼ਲਅੰਦਾਜ਼ੀ ਨਾਲ ਉਸ ਨੂੰ ਘਰ ਪਹੁੰਚਾਇਆ। ਹਾਲਤ ਖਰਾਬ ਹੋਣ ਕਰਕੇ ਉਸ ਨੂੰ ਸਥਾਨਕ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹੈ। ਥਾਣਾ ਮੁਖੀ ਨੇ ਦੱਸਿਆ ਕਿ ਇਸ ਮਾਮਲੇ ਦੀ ਮਹਿਲਾ ਪੁਲੀਸ ਅਧਿਕਾਰੀ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਅਤੇ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਟੀਮਾਂ ਦਾ ਗਠਨ ਕਰਕੇ ਛਾਪੀਮਾਰੀ ਕੀਤੀ ਜਾ ਰਹੀ ਹੈ। -ਨਿੱਜੀ ਪੱਤਰ ਪ੍ਰੇਰਕ