ਸੁਖਦੇਵ ਸਿੰਘ
ਅਜਨਾਲਾ, 29 ਜੂਨ
ਭਾਰਤ-ਪਾਕਿਸਤਾਨ ਅੰਤਰਰਾਸ਼ਟੀ ਸਰਹੱਦ ਦੇ ਨਾਲ ਨਾਲ ਵਗਦੇ ਰਾਵੀ ਦਰਿਆ ਵਿੱਚ ਬਰਸਾਤੀ ਪਾਣੀ ਆਉਣ ਨਾਲ ਪਾਣੀ ਦਾ ਪੱਧਰ ਵਧ ਗਿਆ ਹੈ ਜਿਸ ਕਾਰਨ ਪ੍ਰਸ਼ਾਸਨ ਵੱਲੋਂ ਸੰਭਾਵੀ ਹੜ੍ਹ ਦੇ ਮੱਦੇਨਜ਼ਰ ਰਾਵੀ ਦਰਿਆ ਤੇ ਪਿੰਡ ਕੋਟ ਰਜ਼ਾਦਾ ਅਤੇ ਦਰੀਆ ਮੂਸਾ ਦੇ ਖੇਤਰ ਵਿੱਚ ਕਿਸਾਨਾਂ ਦੇ ਲੰਘਣ ਲਈ ਬਣੇ ਪੈਂਟੂਨ ਪੁਲ ਨੂੰ ਹੈਡਰੇ ਮਸ਼ੀਨ ਦੀ ਮਦਦ ਨਾਲ ਹਟਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਹੈ ਕਿਉਂਕਿ ਜੁਲਾਈ ਤੋਂ ਸਤੰਬਰ ਤੱਕ ਬਰਸਾਤੀ ਸੀਜ਼ਨ ਹੋਣ ਕਾਰਨ ਇਸ ਪੁਲ ਦਾ ਜ਼ਿਆਦਾ ਪਾਣੀ ਵਿਚ ਰੁੜਨ ਦਾ ਖਤਰਾ ਬਣਿਆ ਰਹਿੰਦਾ ਹੈ। ਦਰਿਆ ਰਾਵੀ ਸਰਹੱਦੀ ਖੇਤਰ ਦੇ ਲੋਕਾਂ ਲਈ ਬਰਸਾਤੀ ਸਮੇਂ ਦੌਰਾਨ ਕਾਫੀ ਦਹਿਸ਼ਤ ਪੈਦਾ ਕਰਦਾ ਹੈ ਕਿਉਂਕਿ ਇਸ ਵਿੱਚ ਜੰਮੂ ਕਸ਼ਮੀਰ ਦੇ ਉਜ ਦਰਿਆ ਸਮੇਤ ਹੋਰ ਬਰਸਾਤੀ ਪਾਣੀ ਕਾਰਨ ਇਸ ਦਾ ਪੱਧਰ ਵਧ ਜਾਂਦਾ ਹੈ। ਦਰਿਆ ਰਾਵੀ ਤੋਂ ਪਾਰ ਅਤੇ ਭਾਰਤ-ਪਾਕਿਸਤਾਨ ਸਰਹੱਦ ਤੱਕ ਹਜ਼ਾਰਾਂ ਏਕੜ ਵਾਹੀਯੋਗ ਜ਼ਮੀਨ ਹੋਣ ਕਾਰਨ ਕਿਸਾਨਾਂ ਅਤੇ ਮਜ਼ਦੂਰਾਂ ਦਾ ਇਸ ਪਾਸੇ ਤੋਂ ਦਰਿਆ ਪਾਰ ਕਰਨਾ ਅਕਸਰ ਹੀ ਬਣਿਆ ਰਹਿੰਦਾ ਹੈ ਅਤੇ ਇਸ ਖੇਤਰ ਵਿੱਚ ਕਿਸਾਨਾਂ ਦੀ ਪੁਲ ਬਣਾਉਣ ਦੀ ਚਿਰੋਕਣੀ ਮੰਗ ਨੂੰ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦੇ ਯਤਨਾਂ ਸਦਕਾ ਸਰਕਾਰ ਵੱਲੋਂ ਦਰਿਆ ‘ਤੇ ਦੋ ਪੇੈਂਟੂਨ ਪੁੱਲ ਬਣਾ ਕੇ ਪੂਰਾ ਕੀਤਾ ਗਿਆ ਸੀ ਜਿਸ ਉਪਰੰਤ ਕਿਸਾਨਾਂ ਵੱਲੋਂ ਕਣਕ ਦੀ ਵਾਢੀ ਦੇ ਸੀਜ਼ਨ ਦੌਰਾਨ ਕਣਕ ਦੀ ਢੋਆ ਢੁਆਈ ਸਬੰਧੀ ਕੋਈ ਵੱਡੀ ਮੁਸ਼ਕਿਲ ਪੇਸ਼ ਨਹੀਂ ਆਈ ਕਿਉਕਿ ਪਹਿਲੇ ਸਮੇਂ ਦੌਰਾਨ ਬੇੜਿਆਂ ‘ਤੇ ਕਣਕ ਜਾਂ ਫਸਲ ਨੂੰ ਪਾਰ ਕਰਨ ਸਮੇਂ ਕਈ ਹਾਦਸੇ ਵਾਪਰ ਚੁੱਕੇ ਸਨ। ਇੱਥੇ ਹੀ ਗੱਲ ਕਰਦਿਆਂ ਕਿਸਾਨ ਗੁਰਿੰਦਰਬੀਰ ਸਿੰਘ, ਧੰਨਵੰਤ ਸਿੰਘ ਨੇ ਦੱਸਿਆ ਕਿ ਦਰਿਆ ਤੇ ਪੁਲ ਬਣਨ ਨਾਲ ਜਿੱਥੇ ਕਿਸਾਨਾਂ ਤੇ ਮਜ਼ਦੂਰਾਂ ਨੂੰ ਆਉਣਾ ਜਾਣਾ ਕਾਫੀ ਸੁਖਾਲਾ ਹੋਇਆ ਸੀ ਉੱਥੇ ਹੀ ਹੁਣ ਪਾਣੀ ਵਧਣ ਕਾਰਨ ਪੈਂਟੂਨ ਪੁਲ ਹਟਾਏ ਜਾਣ ਨਾਲ ਕਿਸਾਨਾਂ ਲਈ ਬੇੜਿਆਂ ਰਾਹੀਂ ਦਰਿਆ ਪਾਰ ਜਾ ਕੇ ਝੋਨੇ ਦੀ ਬਿਜਾਈ ਕਰਨੀ ਕਾਫੀ ਔਖੀ ਹੋਵੇਗੀ। ਉਨ੍ਹਾਂ ਦੱਸਿਆ ਕਿ ਅਗਲੇ ਦਿਨਾਂ ਦੌਰਾਨ ਬਰਸਾਤਾਂ ਕਾਰਨ ਦਰਿਆ ਵਿੱਚ ਬਹੁਤ ਜ਼ਿਆਦਾ ਪਾਣੀ ਆਉਣ ਨਾਲ ਕਿਸਾਨਾਂ ਲਈ ਵੱਡੀ ਚੁਣੌਤੀ ਸਾਹਮਣੇ ਖੜ੍ਹੀ ਹੈ। ਇਸ ਸਬੰਧੀ ਡਰੇਨੇਜ਼ ਵਿਭਾਗ ਦੇ ਨਿਗਰਾਨ ਇੰਜਨੀਅਰ ਜਗਦੀਸ਼ ਰਾਜ ਨੇ ਦੱਸਿਆ ਕਿ ਬਰਸਾਤੀ ਸੀਜ਼ਨ ਜੋ ਜੁਲਾਈ ਤੋਂ ਸਤੰਬਰ ਤੱਕ ਹੈ, ਵਿੱਚ ਪੈਂਟੂਨ ਪੁਲ ਦਾ ਜ਼ਿਆਦਾ ਪਾਣੀ ਕਾਰਨ ਰੁੜ੍ਹਨ ਦਾ ਖਤਰਾ ਹੁੰਦਾ ਹੈ ਅਤੇ ਇਸ ਬਰਸਾਤੀ ਸੀਜ਼ਨ ਤੋਂ ਬਾਅਦ ਇਹ ਪੁਲ ਦੁਬਾਰਾ ਬਣ ਕੇ ਲੋਕਾਂ ਦੇ ਲੰਘਣ ਲਈ ਤਿਆਰ ਹੋ ਜਾਵੇਗਾ। ਉਨ੍ਹਾਂ ਦੱਸਿਆ ਕਿ ਰਾਵੀ ਦਰਿਆ ਅੰਦਰ ਬੰਨ ਪੂਰੇ ਮਜ਼ਬੂਤ ਕਰਕੇ ਦਰਿਆ ਅੰਦਰ ਜ਼ਿਆਦਾ ਪਾਣੀ ਆਉਣ ‘ਤੇ ਬਚਾਅ ਦੇ ਪ੍ਰਬੰਧ ਵੀ ਮੁਕੰਮਲ ਕਰ ਲਏ ਗਏ ਹਨ।