ਖੇਤਰੀ ਪ੍ਰਤੀਨਿਧ
ਲੁਧਿਆਣਾ, 29 ਜੂਨ
ਸਮਾਜ ਸੇਵੀ ਸੰਸਥਾ ਰਾਊਂਡ ਟੇਬਲ ਇੰਡੀਆ, ਪੰਜਾਬ ਕਿੰਗਜ਼ ਇਲੈਵਨ, ਨਗਰ ਨਿਵਾਸੀ ਅਤੇ ਸਕੂਲ ਸਟਾਫ ਵੱਲੋਂ ਸਾਂਝੇ ਤੌਰ ‘ਤੇ 25 ਲੱਖ ਦੀ ਲਾਗਤ ਨਾਲ ਸਰਕਾਰੀ ਪ੍ਰਾਇਮਰੀ ਸਕੂਲ ਹਮਾਯੂੰਪੁਰ ਵਿੱਚ ਬਣੇ ਪੰਜ ਕਮਰਿਆਂ ਦਾ ਅੱਜ ਉਦਘਾਟਨ ਕੀਤਾ ਗਿਆ। ਇਸ ਮੌਕੇ ਕਰਵਾਏ ਸਮਾਗਮ ਵਿੱਚ ਰਾਊਂਡ ਟੇਬਲ ਵੱਲੋਂ ਮਨੋਜ ਭੰਸਾਲੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਨ੍ਹਾਂ ਕਮਰਿਆਂ ਦੀ ਉਸਾਰੀ ਲਈ ਪਿੰਡ ਦੀ 11 ਮੈਂਬਰੀ ਸਰਬ ਸੁਧਾਰ ਕਮੇਟੀ ਨੇ ਅੱਗੇ ਹੋ ਕੇ ਦਾਨ ਰਾਸ਼ੀ ਇਕੱਤਰ ਕੀਤੀ। ਸਕੂਲ ਸਟਾਫ ਨੇ ਹੈੱਡ ਟੀਚਰ ਦਲਜੀਤ ਕੌਰ ਦੀ ਅਗਵਾਈ ਵਿੱਚ 1 ਲੱਖ ਰੁਪਏ ਦੀ ਰਾਸ਼ੀ ਖਰਚੀ ਗਈ। ਜ਼ਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਬਲਦੇਵ ਸਿੰਘ ਜੋਧਾਂ ਨੇ ਸਮਾਜ ਸੇਵੀ ਸੰਸਥਾਵਾਂ, ਪਿੰਡ ਦੀ ਗਰਾਮ ਪੰਚਾਇਤ, ਸਕੂਲ ਸਟਾਫ ਅਤੇ ਬੱਚਿਆਂ ਦੇ ਮਾਪਿਆਂ ਨੂੰ ਸਕੂਲ ਦੀ ਨਵੀਂ ਖੂਬਸੂਰਤ ਇਮਾਰਤ ਲਈ ਵਧਾਈ ਦਿੱਤੀ। ਬੀਪੀਈਓ ਲੁਧਿਆਣਾ-2 ਪਰਮਜੀਤ ਸਿੰਘ ਸੁਧਾਰ ਨੇ ਕਿਹਾ ਕਿ ਇਹ ਸਕੂਲ ਵਿੱਦਿਆ ਪੱਖੋਂ ਵੀ ਵੱਡੀਆਂ ਮੱਲਾਂ ਮਾਰ ਰਿਹਾ ਹੈ। ਮੰਚ ਸੰਚਾਲਨ ਕਰਦਿਆਂ ਨੈਸ਼ਨਲ ਐਵਾਰਡੀ ਅਧਿਆਪਕ ਕਰਮਜੀਤ ਸਿੰਘ ਗਰੇਵਾਲ ਨੇ ਕਿਹਾ ਕਿ ਇੱਥੋਂ ਸਟਾਫ ਮਿਹਨਤੀ ਹੈ ਜਿਸ ਕਰਕੇ ਵਿਦਿਆਰਥੀ ਹਰੇਕ ਖੇਤਰ ਵਿੱਚ ਵੱਡੀਆਂ ਮੱਲਾਂ ਮਾਰਦੇ ਹਨ। ਸਕੂਲ ਅਧਿਆਪਕਾ ਪ੍ਰੀਤ ਕਮਲ ਖੇੜੀ ਨੇ ਸਕੂਲ ਦੀ ਨੁਹਾਰ ਬਦਲਣ ਲਈ ਸ਼ੁਰੂਆਤ ਕੀਤੀ। ਇਸ ਮੌਕੇ ਵਿਸ਼ੇਸ਼ ਤੌਰ ‘ਤੇ ਪਹੁੰਚੇ ਵਨੀਤ ਕਥੂਰੀਆ, ਗੌਰਵ ਜੈਨ, ਆਯੂਸ਼ ਜੈਨ, ਇੰਜਨੀਅਰ ਨਿਖਿਲ ਵਰਮਾ, ਆਨੰਦ ਸਰਕਾਰੀਆ, ਗੁਰਪਾਲ ਸਿੰਘ, ਕਮਲਪਾਲ ਸਿੰਘ ਧਾਂਦਰਾ ਅਤੇ ਹੋਰ ਸਮਾਜ ਸੇਵੀਆਂ ਦਾ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਵਿਦਿਆਰਥੀਆਂ ਨੂੰ ਸਾਈਕਲ, ਕਮਰਿਆਂ ਲਈ ਫਰਨੀਚਰ, ਵਾਟਰ ਕੂਲਰ ਤੇ ਕਾਪੀਆਂ ਆਦਿ ਵੰਡੀਆਂ ਗਈਆਂ।