ਐੱਨਪੀ ਧਵਨ
ਪਠਾਨਕੋਟ, 27 ਜੂਨ
ਮਾਧੋਪੁਰ ਡਿਫੈਂਸ ਰੋਡ ਤੋਂ ਮਾਧੋਪੁਰ ਛਾਉਣੀ ਵਾਇਆ ਥਰਿਆਲ ਚੌਕ ਅਤੇ ਚੌਂਕ ਤੋਂ ਬੀਐਸਐਫ ਤੱਕ 4 ਕਿਲੋਮੀਟਰ ਸੜਕ ਦੇ ਨਵੀਨੀਕਰਨ ਦਾ ਉਦਘਾਟਨ ਅੱਜ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਕੀਤਾ। ਉਨ੍ਹਾਂ ਨਾਲ ਡਿਪਟੀ ਕਮਿਸ਼ਨਰ ਹਰਬੀਰ ਸਿੰਘ ਵੀ ਹਾਜ਼ਰ ਸਨ। ਇਨ੍ਹਾਂ ਤੋਂ ਇਲਾਵਾ ਐਕਸੀਅਨ ਮੰਡੀ ਬੋਰਡ ਸੁਖਵਿੰਦਰ ਸਿੰਘ, ਕੌਂਸਲਰ ਮਹਿੰਦਰ ਬਾਲੀ, ਨਗਰ ਕੌਂਸਲ ਸੁਜਾਨਪੁਰ ਪ੍ਰਧਾਨ ਅਨੂਰਾਧਾ ਬਾਲੀ, ਵਿਜੇ ਕਟਾਰੂਚੱਕ, ਸਰਪੰਚ ਵਿਨੋਦ ਕੁਮਾਰ, ਪ੍ਰੇਮਚੰਦ ਤੇ ਵਰਿਆਮ ਸਿੰਘ ਆਦਿ ਹਾਜ਼ਰ ਸਨ।
ਇਸ ਮੌਕੇ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਕਿਹਾ ਕਿ ਉਹ ਕੁਝ ਮਹੀਨੇ ਪਹਿਲਾਂ ਇਸ ਖੇਤਰ ਵਿੱਚ ਆਏ ਸਨ ਤਾਂ ਖੇਤਰ ਵਾਸੀਆਂ ਨੇ ਇਸ ਸੜਕ ਨੂੰ ਬਣਾਉਣ ਲਈ ਮੰਗ ਰੱਖੀ ਸੀ ਅਤੇ ਅੱਜ ਉਹ ਇਸ ਸੜਕ ਦੀ ਅਪਗਰੇਡੇਸ਼ਨ ਕਰਨ ਲਈ ਨਵੀਕਰਨ ਕਾਰਜ ਦੀ ਸ਼ੁਰੂਆਤ ਕਰਵਾ ਕੇ ਖੁਸ਼ੀ ਮਹਿਸੂਸ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਇਸ ਸੜਕ ‘ਤੇ 2 ਕਰੋੜ 70 ਲੱਖ ਰੁਪਏ ਖਰਚ ਹੋਣਗੇ ਅਤੇ ਇਹ ਢਾਈ ਕਿਲੋਮੀਟਰ ਸੜਕ 18 ਫੁੱਟ ਚੌੜੀ ਬਣੇਗੀ ਜਦ ਕਿ ਡੇਢ ਕਿਲੋਮੀਟਰ 16 ਫੁੱਟ ਬਣੇਗੀ। ਉਨ੍ਹਾਂ ਕਿਹਾ ਕਿ ਮਾਧੋਪੁਰ ਤੋਂ ਪਠਾਨੋਕਟ ਇਹ ਸ਼ਾਰਟਕੱਟ ਰੂਟ ਹੈ ਅਤੇ ਇਸ ਰੂਟ ਉਪਰ ਦਰਜਨਾਂ ਪਿੰਡ ਪੈਂਦੇ ਹਨ। ਪਿਛਲੇ ਕਾਫੀ ਸਾਲਾਂ ਤੋਂ ਇਸ ਸੜਕ ਟੁੱਟੀ ਸੀ ਅਤੇ ਲੋਕ ਕਾਫੀ ਪ੍ਰੇਸ਼ਾਨ ਸਨ।