ਡਾ. ਮਨਜੀਤ ਸਿੰਘ ਬੱਲ
ਗੁਰਦੁਆਰਿਆਂ ਦੇ ਦਰਸ਼ਨਾਂ ਲਈ ਪਾਕਿਸਤਾਨ ਗਏ ਜਥੇ ਦੇ ਸ਼ਰਧਾਲੂਆਂ ਵਾਸਤੇ ਹਿਫ਼ਾਜ਼ਤੀ ਕਾਰਨਾਂ ਕਰਕੇ ਨਨਕਾਣਾ ਸਾਹਿਬ, ਪੰਜਾ ਸਾਹਿਬ ਤੇ ਡੇਹਰਾ ਸਾਹਿਬ ਗੁਰਦੁਆਰਾ ਸਾਹਿਬਾਨ ਦੇ ਅੰਦਰ ਹੀ ਰਹਿਣ ਦੇ ਪ੍ਰਬੰਧ ਕੀਤੇ ਗਏ ਸਨ। ਪਾਕਿਸਤਾਨੀਆਂ ਨੂੰ ਗੁਰਦੁਆਰਿਆਂ ਦੇ ਅੰਦਰ ਜਾਣ ਦੀ ਇਜਾਜ਼ਤ ਨਹੀਂ ਸੀ ਤੇ ਨਾਲ ਹੀ ਸਾਨੂੰ ਵੀ ਬਾਹਰ ਜਾਣ ਦੀ ਖੁੱਲ੍ਹ ਨਹੀਂ ਸੀ। ਫਿਰ ਵੀ ਟੂਰ ਦੇ ਅਖ਼ੀਰਲੇ ਪੜਾਅ ‘ਤੇ ਅਸੀਂ ਗੁਰਦੁਆਰਾ ਡੇਹਰਾ ਸਾਹਿਬ, ਲਾਹੌਰ ਪੁੱਜੇ ਤਾਂ ਉੱਥੇ ਕੁਝ ਢਿੱਲ ਦਿੱਤੀ ਗਈ ਤਾਂ ਜੋ ਸ਼ਰਧਾਲੂ ਸ਼ਾਹੀ ਕਿਲ੍ਹਾ, ਹੋਰ ਸਥਾਨਕ ਗੁਰਦੁਆਰੇ ਤੇ ਅਨਾਰਕਲੀ ਬਾਜ਼ਾਰ ਵਗ਼ੈਰਾ ਵੇਖ ਅਤੇ ਕੁਝ ਖ਼ਰੀਦੋ ਫ਼ਰੋਖ਼ਤ ਕਰ ਸਕਣ।
ਉੱਥੋਂ ਦੇ ਬਾਸ਼ਿੰਦੇ ਬਹੁਤ ਹੀ ਮਹਿਮਾਨਨਿਵਾਜ਼ ਹਨ। ਭਾਰਤੀਆਂ, ਸਿੱਖ ਯਾਤਰੀਆਂ ਨਾਲ ਫੋਟੋ ਖਿਚਾਉਂਦੇ ਹਨ, ਸੈਲਫੀਆਂ ਖਿੱਚਦੇ ਹਨ, ਹੱਥ ਮਿਲਾਉਂਦੇ ਹਨ ਤੇ ਜੱਫੀ ਪਾ ਕੇ ਮਿਲਦੇ ਹਨ। ਫੇਸਬੁੱਕ ਦਾ ਦੋਸਤ ਮੁਨੀਰ ਹੁਸ਼ਿਆਰਪੁਰੀਆ ਇੱਕ ਵਿਦਵਾਨ, ਲੇਖਕ ਤੇ ਪ੍ਰਾੲਵੇਟ ਕਾਲਜ ਦਾ ਡਾਇਰੈਕਟਰ ਹੈ। ਉਸ ਨੇ ਵਕਤ ਕੱਢ ਕੇ ਸਾਨੂੰ ਆਪਣੀ ਕਾਰ ‘ਤੇ ਲਾਹੌਰ ਦੀਆਂ ਖ਼ਾਸ ਖ਼ਾਸ ਜਗ੍ਹਾ ਤੇ ਇਮਾਰਤਾਂ ਵਿਖਾਈਆਂ ਜਿਵੇਂ ਪੰਜਾਬ ਅਸੈਂਬਲੀ ਬਿਲਡਿੰਗ, ਸਕੱਤਰੇਤ, ਭੰਗੀ ਤੋਪ, ਭਗਤ ਸਿੰਘ (ਸ਼ਾਦਮਾਨ) ਚੌਕ, ਲਾਹੌਰ ਰੇਲਵੇ ਸਟੇਸ਼ਨ, ਵਾਪਡਾ (ਵਾਟਰ ਐਂਡ ਪਾਵਰ ਡਿਵੈਲਪਮੈਂਟ ਅਥਾਰਟੀ) ਬਿਲਡਿੰਗ, ਮਾਡਲ ਟਾਊਨ, ਅਲਹਮਰਾ ਆਰਟ ਸੈਂਟਰ, ਜਿਨਾਹ ਗਾਰਡਨ, ਨੀਲਾ ਗੁੰਬਦ, ਕਿੰਗ ਐਡਵਰਡ ਮੈਡੀਕਲ ਕਾਲਜ ਅਤੇ ਸ਼ੇਖ਼ ਜ਼ਾਇਦ ਹਸਪਤਾਲ ਆਦਿ। ਜਦ ਅਸੀਂ ਪੁਰਾਣੀ ਅਨਾਰਕਲੀ ਦੇ ਏਰੀਏ ਵਿਚ ਲਿੱਟਨ ਰੋਡ ‘ਤੇ ਜਾ ਰਹੇ ਸਾਂ, ਸੜਕ ਕਿਨਾਰੇ ਮੈਨੂੰ ਇੱਕ ਮੰਦਰ ਨਜ਼ਰ ਆਇਆ। ਮੈਂ ਕਾਰ ਰੁਕਵਾ ਕੇ ਕੁਝ ਫੋਟੋ ਖਿੱਚੀਆਂ ਤੇ ਇਹਦੇ ਬਾਰੇ ਜਾਣਕਾਰੀ ਹਾਸਲ ਕੀਤੀ। ਮੁਨੀਰ ਹੁਸ਼ਿਆਰਪੁਰੀਆ ਨੇ ਦੱਸਿਆ ਕਿ ਇਹ ਮੰਦਰ ਦੁਬਾਰਾ ਬਣਵਾਇਆ ਗਿਆ ਹੈ। ਅਸਲ ਮੰਦਰ ਸ਼ਾਇਦ 1930 ਜਾਂ 1940 ‘ਚ ਤਾਮੀਰ ਹੋਇਆ ਸੀ। ਹੱਲਿਆਂ ਵੇਲੇ ਤੱਕ ਇਹਦੇ ਵਿੱਚ ਪਾਠ ਪੂਜਾ ਹੁੰਦੀ ਰਹੀ ਤੇ ਬਾਅਦ ਵਿੱਚ ਸਿਰਫ਼ ਇਮਾਰਤ ਹੀ ਦਿਸਦੀ ਦੀ। ਪਰ 1992 ਵਿੱਚ ਅਯੁੱਧਿਆ (ਇੰਡੀਆ) ‘ਚ ਬਾਬਰੀ ਮਸਜਿਦ ਕਾਂਢ ਦੇ ਜੁਆਬ ਵਜੋਂ ਕੁਝ ਕੱਟੜਵਾਦੀਆਂ ਨੇ ਇਕੱਠੇ ਹੋ ਕੇ ਇਹ ਮੰਦਰ ਢਾਹ ਦਿੱਤਾ ਸੀ। ਦੋ ਦਹਾਕਿਆਂ ਤੋਂ ਵੱਧ ਸਮਾਂ ਇੱਥੇ ਮਲਬਾ ਤੇ ਟੁੱਟਾ ਹੋਇਆ ਗੁੰਬਦ ਹੀ ਪਿਆ ਰਿਹਾ। 2016 ਵਿੱਚ ਇਸ ਮਲਬੇ ਦੁਆਲੇ ਇੱਕ ਵਲ਼ਗਣ ਵਲ਼ ਦਿੱਤੀ ਗਈ। ਮੰਦਰ ਦੀ ਬਾਕੀ ਜਗ੍ਹਾ ਔਰੈਂਜ ਮੈਟਰੋ ਰੇਲ ਲਾਈਨ (Orange Metro Rail Line) ਨੂੰ ਦੇ ਦਿੱਤੀ ਗਈ। 1992 ਤੋਂ 2021 ਤੱਕ ਭਾਵੇਂ ਇਸ ਜਗ੍ਹਾ ਉਖਾੜਿਆ ਹੋਇਆ ਗੁੰਬਦ ਹੀ ਪਿਆ ਸੀ ਫਿਰ ਵੀ ਬੱਸ ਸਟਾਪ ਦਾ ਨਾਮ ਜੈਨ ਮੰਦਰ ਹੀ ਰਿਹਾ। ਲੋਕਲ ਬੱਸ ਸਟਾਪ ਹੋਣ ਕਰਕੇ ਸਵਾਰੀਆਂ ਤੇ ਬੱਸ ਕੰਡਕਟਰਾਂ ਦੇ ਜ਼ਿਹਨ ਵਿੱਚ ਜੈਨ ਮੰਦਰ ਵੱਸਿਆ ਹੋਇਆ ਹੈ। ਮੁਨੀਰ ਹੁਸ਼ਿਆਰਪੁਰੀਆ ਨੇ ਜਾਣਕਾਰੀ ਸਾਂਝੀ ਕਰਦਿਆਂ ਅੱਗੋਂ ਦੱਸਿਆ ਕਿ ਉਂਜ ਮੁਲਕ ਦੀ ਵੰਡ ਤੋਂ ਬਾਅਦ ਇੱਥੇ ਕਦੇ ਵੀ ਕੋਈ ਪਾਠ ਪੂਜਾ ਨਹੀਂ ਸੀ ਹੋਇਆ ਕਿਉਂਕਿ ਲਾਹੌਰ ਵਿੱਚ ਕੋਈ ਵੀ ਜੈਨ ਖ਼ਾਨਦਾਨ ਦਾ ਨਹੀਂ ਸੀ ਬਚਿਆ। ਪਰ ਲਾਹੌਰ ਵਾਸਤੇ ਇਸ ਮੰਦਰ ਦੀ ਬੇਹੱਦ ਅਹਿਮੀਅਤ ਹੈ, ਬੜੇ ਸੋਹਣੇ ਜਿਹੇ ਗੁੰਬਦ ਵਾਲਾ ਸੀ ਇਹ ਮੰਦਰ।
ਹੋਇਆ ਇਹ ਸੀ ਕਿ ਜੈਨ ਮੰਦਰ 1992 ਵਿੱਚ ਤੋੜ ਦਿੱਤਾ ਗਿਆ ਸੀ ਤੇ ਦਸੰਬਰ 2021 ਵਿੱਚ ਬਾਬਰੀ ਮਸਜਿਦ ਢਾਹੇ ਜਾਣ ਦੇ 19ਵੇਂ ਸਾਲ, ਪਾਕਿਸਤਾਨ ਦੇ ਚੀਫ ਜਸਟਿਸ ਗ਼ੁਲਜ਼ਾਰ ਅਹਿਮਦ ਨੇ ਅਦਾਲਤੀ ਹੁਕਮ ਜਾਰੀ ਕੀਤਾ ਕਿ ਇਹ ਜੈਨ ਮੰਦਰ ਤੇ ‘ਨੀਲੇ ਗੁੰਬਦ’ ਦੇ ਕੋਲ ਵਾਲੇ ਮੰਦਰ ਫੌਰੀ ਤੌਰ ‘ਤੇ ਨਵੇਂ ਸਿਰਿਉਂ ਤਾਮੀਰ ਕੀਤੇ ਜਾਣ। ਕੁਝ ਜਾਣਕਾਰੀ ਮੈਨੂੰ ਅਗਲੇ ਦਿਨ ਮਿਲੀ। ਇਸ ਜਾਣਕਾਰੀ ਮੁਤਾਬਿਕ ਪੰਜਾਬੀ ਲੇਖਕ ਤੇ ਖੋਜਕਾਰ ਇਕਬਾਲ ਕੈਸਰ ਨੇ ਆਪਣੀ ਕਿਤਾਬ ‘ਉਜੜੇ ਦਰਾਂ ਦੇ ਦਰਸ਼ਨ’ ਵਿੱਚ ਵੀਹ ਤੋਂ ਵਧੇਰੇ ਅਜਿਹੇ ਮੰਦਰਾਂ ਦਾ ਜ਼ਿਕਰ ਕੀਤਾ ਹੈ ਜੋ ਪਾਕਿਸਤਾਨ ਬਣਨ ਵੇਲੇ ਜਾਂ ਬਾਅਦ ਵਿੱਚ ਤੋੜ ਦਿੱਤੇ ਗਏ ਸਨ। ਇਸ ਮੰਦਰ ਬਾਰੇ ਉਹ ਲਿਖਦਾ ਹੈ ਕਿ ਅਨਾਰਕਲੀ ਦੇ ਨਜ਼ਦੀਕ ਜੈਨ ਮੰਦਰ 1940 ਵਿੱਚ ਇੱਕ ਔਰਤ ਨੇ ਆਪਣੇ ਨਿੱਜੀ ਵਸੀਲੇ (ਪੈਸੇ) ਨਾਲ ਬਣਵਾਇਆ ਸੀ ਜੋ ਦੇਸ਼ ਵੰਡ ਤੱਕ ਚਲਦਾ ਰਿਹਾ। ਕੈਸਰ ਮੁਤਾਬਿਕ ਲਾਹੌਰ ਵਿੱਚ ਦੋ ਹੋਰ ਜੈਨ ਮੰਦਰ ਸਨ, ਇੱਕ ਫਿਰੋਜ਼ਪੁਰ ਰੋਡ ‘ਤੇ ਭਾਬਰਾ ਮਾਰਕੀਟ ਵਿੱਚ ਤੇ ਦੂਸਰਾ ਭਾਟੀ ਗੇਟ ਦੇ ਅੰਦਰ ਭੀੜੀਆਂ ਗਲੀਆਂ ਵਾਲੀ ਜਗ੍ਹਾ ‘ਤੇ। ਇਹ ਮੁਗ਼ਲ ਬਾਦਸ਼ਾਹ ਅਕਬਰ ਨੇ ਬਣਵਾਇਆ ਸੀ ਤੇ ਬਾਅਦ ਵਿੱਚ ਅੰਗਰੇਜ਼ਾਂ ਨੇ ਇਸ ਨੂੰ ਦੁਬਾਰਾ ਸੰਵਾਰਿਆ ਸੀ। ਪਿੱਛੋਂ ਇਹ ਮੰਦਰ ਢਾਹ ਦਿੱਤਾ ਗਿਆ ਤੇ ਹੁਣ ਇੱਥੇ ਜੈਨ ਹਾਲ ਹੈ। 1970 ਵਾਲੇ ਦਹਾਕੇ ਦੌਰਾਨ ਜੈਨ ਮੰਦਰ ਨੂੰ ਲਾਹੌਰ ਦਾ ਮਰਕਜ਼ (ਕੇਂਦਰ ਬਿੰਦੂ) ਆਂਕਿਆ ਗਿਆ ਸੀ। ਇਹ ਮੰਦਰ ਢਾਹੇ ਜਾਣ ਦਾ ਲਾਹੌਰ ਦੇ ਲੋਕਾਂ ‘ਤੇ ਬੜਾ ਗਹਿਰਾ ਅਸਰ ਹੋਇਆ ਸੀ। ਲਾਹੌਰ ਤੋਂ ਦੋ ਮਕਬੂਲ ਸ਼ਹਿਰਾਂ ਫ਼ਿਰੋਜ਼ਪੁਰ ਤੇ ਮੁਲਤਾਨ ਵੱਲ ਨੂੰ ਜਾਣ ਵਾਲੀਆਂ ਸੜਕਾਂ ਇਸੇ ਜਗ੍ਹਾ ਤੋਂ ਹੀ ਸ਼ੁਰੂ ਹੁੰਦੀਆਂ ਹਨ ਤੇ ਇਹਦੇ ਪਿਛਲੇ ਪਾਸੇ ਤੋਂ ਹੀ ਕੁੱਲ ਆਲਮ ‘ਚ ਜਾਣੇ ਜਾਂਦੇ ਲਾਹੌਰ ਦੇ ਅਨਾਰਕਲੀ ਬਾਜ਼ਾਰ ਦੀਆਂ ਦੁਕਾਨਾਂ ਸ਼ੁਰੂ ਹੁੰਦੀਆਂ ਹਨ।
ਇਹ ਮੰਦਰ ਦੁਬਾਰਾ ਉਸਾਰ ਕੇ ਤਿਆਰ ਕਰ ਦਿੱਤਾ ਗਿਆ ਤਾਂ ਇਸ ਬਾਰੇ ਲਾਹੌਰ ਦੇ ਇੱਕ ਚੇਤੰਨ ਬਾਸ਼ਿੰਦੇ ਫ਼ੈਜ਼ਲ ਕਾਜ਼ਮੀ ਨੇ ਆਪਣੀ ਡਾਇਰੀ ਵਿੱਚ ਲਿਖਿਆ, ”ਮੈਂ ਇਸ ਗੱਲ ‘ਤੇ ਮੁਸੱਰਤ ਮਹਿਸੂਸ ਕਰ ਰਿਹਾ ਹਾਂ ਕਿ ਆਖ਼ਰਕਾਰ ਪਾਕਿਸਤਾਨੀਆਂ ਨੂੰ ਸਮਝ ਆ ਹੀ ਗਈ ਹੈ ਤੇ ਉਨ੍ਹਾਂ ਨੇ ਆਪਣੀ ਗ਼ਲਤੀ ਨੂੰ ਸੁਧਾਰ ਲਿਆ ਹੈ। ਤੀਹ ਸਾਲ ਬਾਅਦ ਅਨਾਰਕਲੀ ਏਰੀਏ ਵਾਲਾ ਜੈਨ ਮੰਦਰ ਦੁਬਾਰਾ ਤਾਮੀਰ ਕਰ ਦਿੱਤਾ ਗਿਆ ਹੈ। 1992 ‘ਚ ਇਹ ਮੰਦਰ ਮੇਰੀਆਂ ਅੱਖਾਂ ਦੇ ਸਾਹਮਣੇ ਤੋੜਿਆ ਗਿਆ ਸੀ। ਬਤੌਰ ਇੱਕ ਚਸ਼ਮਦੀਦ ਗਵਾਹ ਮੈਂ ਕਹਿਣਾ ਚਾਹੁੰਦਾ ਹਾਂ ਕਿ ਮੇਰੀ ਹਯਾਤੀ ਵਿੱਚ ਇਹ ਦਿਲ ਨੂੰ ਵਲੂੰਧਰਨ ਵਾਲਾ ਵਾਕਿਆ ਸੀ। ਵਿਚਾਰਾ ਜਿਹਾ ਬਣ ਕੇ ਮੈਂ ਇੱਕ ਗੂੰਗੇ ਵਾਂਗ ਸੁੰਨ ਹੋਇਆ ਲਾਗੇ ਖਲੋਤਾ ਸਾਰਾ ਡਰਾਮਾ ਵੇਖਦਾ ਰਿਹਾ ਸਾਂ। ਮੈਂ ਉਸ ਹਜੂਮ ਦੇ ਕੋਲ ਖੜ੍ਹਾ ਸਾਂ ਜੋ ਨਾਅਰੇ ਮਾਰ ਰਹੇ ਸਨ, ਬਿਲਕੁਲ ਉਸੇ ਤਰ੍ਹਾਂ ਜਿੱਦਾਂ ਅਯੁੱਧਿਆ ਵਿੱਚ ਬਾਬਰੀ ਮਸਜਿਦ ਢਾਹੁਣ ਵਾਲਿਆਂ ਨੇ ਰੌਲ਼ਾ ਪਾਇਆ ਸੀ।” ਫ਼ੈਜ਼ਲ ਅੱਗੇ ਲਿਖਦਾ ਹੈ, ”ਜਦ ਮੈਂ ਮੁੰਡਾ-ਖੁੰਡਾ ਸਾਂ, ਇਸ ਜਗ੍ਹਾ ਦੇ ਨੇੜੇ-ਤੇੜੇ ਹੀ ਫਿਰਦਾ ਰਹਿੰਦਾ ਸਾਂ ਕਿਉਂਕਿ ਇਹ ਸ਼ਾਨਦਾਰ ਤੇ ਪਾਕ ਇਮਾਰਤ ਮੇਰੇ ਘਰ ਦੇ ਨਜ਼ਦੀਕ ਹੀ ਸੀ। ਜਦ ਮੰਦਰ ਢੱਠ ਗਿਆ ਤਾਂ ਇਸ ਦੇ ਸ਼ਿਖ਼ਰ ਵਾਲੀ ਖਾਲੀ ਜਗ੍ਹਾ ਵੇਖ ਕੇ ਮੈਂ ਬੇਹੱਦ ਪ੍ਰੇਸ਼ਾਨ ਹੋ ਜਾਂਦਾ ਸਾਂ।”
ਅਸੀਂ ਦੁਬਾਰਾ ਕਾਰ ‘ਚ ਬੈਠ ਗਏ ਤਾਂ ਮੁਨੀਰ ਹੁਸ਼ਿਆਰਪੁਰੀ ਨੇ ਕਿਹਾ, ”ਮੈਂ ਇਸ ਗੱਲੋਂ ਬਹੁਤ ਖ਼ੁਸ਼ ਹਾਂ ਕਿ ਕੋਰਟ ਨੇ ਮੰਦਰ ਨੂੰ ਦੁਬਾਰਾ ਤਾਮੀਰ ਕਰਨ ਦਾ ਫ਼ੈਸਲਾ ਸੁਣਾਇਆ ਤੇ ਇਮਰਾਨ ਖ਼ਾਨ ਦੀ ਸਰਕਾਰ ਨੇ ਇਸ ਨੂੰ ਜਲਦ ਤੋਂ ਘੱਟ ਤੋਂ ਘੱਟ ਸਮੇਂ ਵਿੱਚ ਬਣਵਾ ਦਿੱਤਾ। ਉਸਾਰੀ ਕਰਨ ਵਾਲੇ ਮਿਸਤਰੀ ਭਾਵੇਂ ਇਸ ਤਰ੍ਹਾਂ ਦਾ ਕੰਮ ਕਰਨ ਦੇ ਮਾਹਿਰ ਨਹੀਂ ਸਨ ਫਿਰ ਵੀ ਪੁਰਾਤੱਤਵ ਵਿਭਾਗ (Archeology Department) ਦੇ ਇੰਜੀਨੀਅਰਾਂ ਦੀ ਮਦਦ ਨਾਲ ਉਹ ਇਸ ਕੰਮ ਨੂੰ ਨੇਪਰੇ ਚਾੜ੍ਹ ਸਕੇ। ਇੰਨੇ ਸਾਲ ਪਹਿਲਾਂ ਜੋ ਇੱਕ ਬਹੁਤ ਵੱਡੀ ਗ਼ਲਤੀ ਹੋ ਗਈ ਸੀ, ਅਸੀਂ ਉਸ ਨੂੰ ਸੁਧਾਰ ਲਿਆ। ਅਸੀਂ ਭਾਰਤ ਵੱਲੋਂ ਵੀ ਐਸੀ ਹੀ ਉਮੀਦ ਰੱਖਦੇ ਹਾਂ।” ਹੈਰਾਨੀਜਨਕ ਗੱਲ ਇਹ ਵੀ ਹੈ ਕਿ ਜਿੰਨੇ ਸਾਲ ਇਹ ਮੰਦਰ ਤਹਿਸ-ਨਹਿਸ ਹੋਇਆ ਪਿਆ ਰਿਹਾ, ਉੁਨ੍ਹਾਂ ਸਾਲਾਂ ਦੌਰਾਨ ਵੀ ਇਸ ਚੌਕ ਦਾ ਨਾਮ ਜੈਨ ਮੰਦਰ ਚੌਕ ਹੀ ਰਿਹਾ। ਲੋਕਾਂ ਤੇ ਕੰਡਕਟਰਾਂ ਦੀਆਂ ਜ਼ੁਬਾਨਾਂ, ਬੱਸ ਸਟਾਪ ਤੇ ਟ੍ਰੈਫਿਕ ਬੋਰਡਾਂ ‘ਤੇ ਜੈਨ ਮੰਦਰ ਦਾ ਨਾਮ ਉਵੇਂ ਦਾ ਉਵੇਂ ਹੀ ਰਿਹਾ।
ਕਾਫ਼ੀ ਥਾਵਾਂ ਦਾ ਚੱਕਰ ਲਗਾ ਕੇ ਅਸੀਂ ਮਾਲ ਰੋਡ ਤੋਂ ਬੀਡਨ ਰੋਡ, ਗੜ੍ਹੀ ਸ਼ਾਹੂ ਪੁੱਜੇ ਜਿੱਥੋਂ ਅੰਸਾਰੀ ਸਟੋਰ ਤੋਂ ਕੁਝ ਸ਼ਾਪਿੰਗ ਕੀਤੀ ਤੇ ਇੱਕ ਮੋਚੀ ਕੋਲੋਂ ਮੈਂ ਬੂਟ ਪਾਲਿਸ਼ ਕਰਵਾਏ। ਉਦੋਂ ਤੱਕ ਸ਼ਹਿਰ ਵਿੱਚ ਰੋਜ਼ਾ ਖੁੱਲ੍ਹਣ ਦਾ ਵਕਤ ਹੋ ਗਿਆ ਸੀ। ਪਹਿਲਾਂ ਬਿਰਿਆਨੀ ਖਾਧੀ ਤੇ ਫੇਰ ਮਸ਼ਹੂਰ ਚਮਨ ਤੋਂ ਆਈਸ ਕਰੀਮ ਖਾ ਕੇ ਅਸੀਂ ਵਾਪਸ ਆਪਣੇ ਟਿਕਾਣੇ ਆ ਗਏ।
ਸੰਪਰਕ: 98728-43491