ਨਿੱਜੀ ਪੱਤਰ ਪ੍ਰੇਰਕ
ਮਾਲੇਰਕੋਟਲਾ, 14 ਅਕਤੂਬਰ
ਜਮਾਤ-ਏ-ਇਸਲਾਮੀ ਹਿੰਦ ਵੱਲੋਂ ਅੱਜ ‘ਪਰਤੋ ਕੁਰਾਨ ਵੱਲ’ ਤਹਿਤ ਦੇਸ਼ ਵਿਆਪੀ ਵਿਸ਼ੇਸ਼ ਮੁਹਿੰਮ ਸ਼ੁਰੂ ਕੀਤੀ ਗਈ ਹੈ। ਜਥੇਬੰਦੀ ਦੇ ਸਥਾਨਕ ਦਫ਼ਤਰ ਵਿੱਚ ਅੱਜ ਪ੍ਰੈੱਸ ਕਾਨਫਰੰਸ ਦੌਰਾਨ ਇਸ ਮੁਹਿੰਮ ਦਾ ਸੂਬਾ ਪੱਧਰੀ ਆਗ਼ਾਜ਼ ਕਰਦਿਆਂ ਜਥੇਬੰਦੀ ਸੂਬਾਈ ਮੁਖੀ ਜਨਾਬ ਅਬਦੁਸ਼ ਸ਼ਕੂਰ ਅਤੇ ਸਥਾਨਕ ਇਕਾਈ ਦੇ ਮੁਖੀ ਡਾ. ਮੁਹੰਮਦ ਇਰਸ਼ਾਦ ਨੇ ਸਾਂਝੇ ਤੌਰ ’ਤੇ ਦੱਸਿਆ ਕਿ ਮੁਹਿੰਮ ਦੌਰਾਨ ਜਥੇਬੰਦੀ ਦੇ ਆਗੂ ਤੇ ਕਾਰਕੁਨ ਸੂਬੇ ਦੇ ਹਰ ਮੁਸਲਿਮ ਵਿਅਕਤੀ ਤੱਕ ਨਿੱਜੀ ਜਾਂ ਸਮੂਹਿਕ ਪਹੁੰਚ ਕਰ ਕੇ ਉਨ੍ਹਾਂ ਨੂੰ ਪਵਿੱਤਰ ਕੁਰਆਨ ਪੜ੍ਹਨ ਅਤੇ ਇਸ ਦੀਆਂ ਸਿੱਖਿਆਵਾਂ ’ਤੇ ਲਗਾਤਾਰ ਸੋਚ ਵਿਚਾਰ ਕਰਦੇ ਰਹਿਣ ਦੀ ਪ੍ਰੇਰਨਾ ਦੇਣਗੇ। ਉਨ੍ਹਾਂ ਦੱਸਿਆ ਕਿ ਇਸ ਮੁਹਿੰਮ ਦੌਰਾਨ ਸੂਬੇ ਦੇ ਮੁਸਲਿਮ ਭਾਈਚਾਰੇ ਨਾਲ ਸਿੱਧੇ ਸੰਪਰਕ ਮੌਕੇ ਵੱਡੀ ਗਿਣਤੀ ਵਿੱਚ ਅਜਿਹਾ ਸਾਹਿਤ ਵੰਡਿਆ ਜਾਵੇਗਾ, ਜਿਸ ਨੂੰ ਪੜ੍ਹ ਕੇ ਲੋਕਾਂ ਵਿੱਚ ਕੁਰਾਨ ਨਾਲ ਜੁੜਨ ਦੀ ਤਾਂਘ ਪੈਦਾ ਹੋਵੇ। ਉਨ੍ਹਾਂ ਦੱਸਿਆ ਕਿ ਮਸਜਿਦਾਂ ਤੇ ਸਕੂਲਾਂ ਵਿੱਚ ਕਈ ਵਿਸ਼ੇਸ਼ ਪ੍ਰੋਗਰਾਮ ਵੀ ਰੱਖੇ ਜਾਣਗੇ ਅਤੇ ਵਿਦਿਆਰਥੀਆਂ ਦੇ ਕੁਇਜ਼ ਮੁਕਾਬਲੇ ਕਰਵਾਏ ਜਾਣਗੇ। ਇਸ ਮੌਕੇ ਜਨਾਬ ਰਮਜ਼ਾਨ ਸਈਦ, ਕਰਮ ਦੀਨ ਮਲਿਕ, ਸ਼ੀਰਾਜ਼ ਅਹਿਮਦ, ਇਸ਼ਤਿਆਕ ਰਸ਼ੀਦ, ਮੁਹੰਮਦ ਨਾਸਰ, ਜਮੀਲ ਨੰਦਨ, ਅਨਵਾਰ ਬੱਤਾ, ਬੀਬੀ ਅਖ਼ਤਰੀ ਸੁਲਤਾਨਾ ਅਤੇ ਬੀਬੀ ਫ਼ਿਰਦੌਸ ਸਲੀਮ ਵੀ ਹਾਜ਼ਰ ਸਨ।