ਗੁਰਨਾਮ ਸਿੰਘ ਚੌਹਾਨ/ਸ਼ਾਹਬਾਜ਼ ਸਿੰਘ
ਪਾਤੜਾਂ/ਘੱਗਾ, 4 ਨਵੰਬਰ
ਪੁਲੀਸ ਵੱਲੋਂ ਪੈਟਰੋਲ ਪੰਪ ਮਾਲਕ ਖ਼ਿਲਾਫ਼ ਕੇਸ ਦਰਜ ਕਰਨ ਦੇ ਮਾਮਲੇ ਨੂੰ ਲੈ ਕੇ ਅੱਜ ਪੈਟਰੋਲੀਅਮ ਐਸੋਸੀਏਸ਼ਨ ਪਾਤੜਾਂ ਤੇ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵੱਲੋਂ ਸਾਂਝੇ ਤੌਰ ‘ਤੇ ਪਾਤੜਾਂ-ਪਟਿਆਲਾ ਮੁੱਖ ਸੜਕ ‘ਤੇ ਪੁਲੀਸ ਤੇ ਪ੍ਰਸ਼ਾਸਨ ਖ਼ਿਲਾਫ਼ ਧਰਨਾ ਦਿੱਤਾ ਗਿਆ। ਇਸ ਦੌਰਾਨ ਸੜਕ ਦੇ ਦੋਵੇਂ ਪਾਸੇ ਵਾਹਨਾਂ ਦੀਆਂ ਲੰਬੀਆਂ ਲਾਈਨਾਂ ਲੱਗ ਗਈਆਂ। ਧਰਨੇ ਦੇ ਮੱਦੇਨਜ਼ਰ ਪੁਲੀਸ ਵੱਲੋਂ ਪਿੰਡਾਂ ਦੀਆਂ ਸੜਕਾਂ ਰਾਹੀਂ ਟਰੈਫਿਕ ਲੰਘਾਉਣੀ ਪਈ, ਜਿਸ ਕਾਰਨ ਰਾਹਗੀਰਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨ ਪਿਆ।
ਇਕ ਪੈਟਰੋਲ ਪੰਪ ਦੇ ਮਾਲਕ ਦਾ ਪਾਤੜਾਂ ਦੇ ਇਕ ਟਰਾਂਸਪੋਰਟਰ ਨਾਲ ਪੈਸੇ ਦੇ ਲੈਣ-ਦੇਣ ਦਾ ਝਗੜਾ ਸੀ ਜਿਸ ਕਾਰਨ ਉਸ ਨੇ ਟਰਾਂਸਪੋਰਟਰ ਦਾ ਇਕ ਟਰੱਕ ਆਪਣੇ ਕਬਜ਼ੇ ਵਿੱਚ ਲੈ ਲਿਆ। ਇਸ ਸਬੰਧੀ ਸ਼ਿਕਾਇਤ ਟਰਾਂਸਪੋਰਟਰ ਵੱਲੋਂ ਪਾਤੜਾਂ ਪੁਲੀਸ ਨੂੰ ਕੀਤੀ ਗਈ ਅਤੇ ਪੁਲੀਸ ਨੇ ਪੈਟਰੋਲ ਪੰਪ ਦੇ ਮਾਲਕਾਂ ਖਿਲਾਫ਼ ਕੇਸ ਦਰਜ ਕਰ ਦਿੱਤਾ।
ਇਸ ਦੇ ਰੋਸ ਵਜੋਂ ਅੱਜ ਪਾਤੜਾਂ-ਪਟਿਆਲਾ ਮੁੱਖ ਸੜਕ ਉੱਤੇ ਪੈਟਰੋਲੀਅਮ ਐਸੋਸੀਏਸ਼ਨ ਪਾਤੜਾਂ ਵੱਲੋਂ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਸਹਿਯੋਗ ਨਾਲ ਕੇਸ ਰੱਦ ਕਰਨ ਦੀ ਮੰਗ ਨੂੰ ਲੈ ਕੇ ਧਰਨਾ ਲਾਇਆ ਗਿਆ ਤੇ ਇਹ ਧਰਨਾ ਦੁਪਹਿਰ ਤੱਕ ਜਾਰੀ ਰਿਹਾ। ਡੀਐੱਸਪੀ ਪਾਤੜਾਂ ਗੁਰਦੀਪ ਸਿੰਘ ਦਿਓਲ ਨੇ ਮੌਕੇ ‘ਤੇ ਪਹੁੰਚ ਕੇ ਧਰਨਾਕਾਰੀਆਂ ਨਾਲ ਗੱਲਬਾਤ ਕੀਤੀ ਅਤੇ ਪੁਲੀਸ ਵੱਲੋਂ ਮਾਮਲੇ ਦੀ ਜਾਂਚ ਦਾ ਭਰੋਸਾ ਦਿੱਤੇ ਜਾਣ ਤੋਂ ਬਾਅਦ ਧਰਨਾਕਾਰੀਆਂ ਨੇ ਧਰਨਾ ਸਮਾਪਤ ਕਰ ਦਿੱਤਾ। ਇਸ ਮੌਕੇ ਪੈਟਰੋਲੀਅਮ ਐਸੋਸੀਏਸ਼ਨ ਦੇ ਪ੍ਰਧਾਨ ਹਰਪਾਲ ਸਿੰਘ ਸ਼ਾਹੀ, ਨਰਿੰਦਰ ਸਿੰਘ ਸੰਧੂ, ਕਿਸਾਨ ਆਗੂ ਅਮਰੀਕ ਸਿੰਘ, ਯਾਦਵਿੰਦਰ ਸਿੰਘ ਬੁਰੜ ਤੋਂ ਇਲਾਵਾ ਘੱਗਾ ਦੇ ਡਿਊਟੀ ਇੰਚਾਰਜ ਮਨਪ੍ਰੀਤ ਸਿੰਘ ਵੀ ਹਾਜ਼ਰ ਸਨ।
ਸ਼ਿਕਾਇਤ ਦੀ ਪੜਤਾਲ ਕਰ ਕੇ ਬਣਦੀ ਕਾਰਵਾਈ ਕੀਤੀ: ਐੱਸਐੱਚਓ
ਥਾਣਾ ਪਾਤੜਾਂ ਦੇ ਮੁਖੀ ਹਰਮਿੰਦਰ ਸਿੰਘ ਨੇ ਕਿਹਾ ਕਿ ਪੰਪ ਮਾਲਕ ਦਾ ਇਕ ਟਰਾਂਸਪੋਰਟਰ ਨਾਲ ਪੈਸੇ ਦੇ ਲੈਣ- ਦੇਣ ਦਾ ਝਗੜਾ ਸੀ, ਜਿਸ ਕਰ ਕੇ ਪੰਪ ਮਾਲਕਾਂ ਨੇ ਟਰਾਂਸਪੋਰਟਰ ਦੀ ਗੱਡੀ ਰੋਕ ਲਈ। ਇਸ ਦੇ ਵਿਰੋਧ ਵਿੱਚ ਕੁਝ ਵਿਅਕਤੀਆਂ ਵੱਲੋਂ ਦਿੱਲੀ-ਸੰਗਰੂਰ ਕੌਮੀ ਮਾਰਗ ‘ਤੇ ਸੰਕੇਤਕ ਧਰਨਾ ਦਿੱਤਾ ਸੀ ਜਿਸ ਮਗਰੋਂ ਪੰਪ ਮਾਲਕਾਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ। ਅੱਜ ਪੰਪ ਮਾਲਕਾਂ ਦੀ ਹਮਾਇਤ ‘ਚ ਆਈ ਪੈਟਰੋਲ ਪੰਪ ਐਸੋਸੀਏਸ਼ਨ ਅਤੇ ਭਾਰਤੀ ਕਿਸਾਨ ਯੂਨੀਅਨ ਨੇ ਸਾਂਝੇ ਤੌਰ ‘ਤੇ ਧਰਨਾ ਲਾਇਆ ਸੀ। ਪੰਪ ਮਾਲਕਾਂ ਨੂੰ ਸਮਝਾਇਆ ਗਿਆ ਹੈ ਕਿ ਉਹ ਆਪਣੇ ਵੱਲੋਂ ਸ਼ਿਕਾਇਤ ਦੇਣ ਦੇ ਨਾਲ-ਨਾਲ ਸਬੂਤ ਪੇਸ਼ ਕਰਨ। ਉਪਰੰਤ ਪੜਤਾਲ ਕਰ ਕੇ ਗੱਡੀ ਵਾਲਿਆਂ ਖ਼ਿਲਾਫ਼ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।