ਪੱਤਰ ਪ੍ਰੇਰਕ
ਲਾਲੜੂ, 4 ਨਵੰਬਰ
ਇੱਥੋਂ ਨਜ਼ਦੀਕੀ ਪਿੰਡ ਮਾਲਣ ਵਿੱਚ ‘ਆਪ’ ਵੱਲੋਂ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਕਬੱਡੀ ਟੂਰਨਾਮੈਂਟ ਕਰਵਾਇਆ ਗਿਆ। ਟੂਰਨਾਮੈਂਟ ਵਿੱਚ ਬਤੌਰ ਮੁੱਖ ਮਹਿਮਾਨ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਸ਼ਿਰਕਤ ਕੀਤੀ। ਇਸ ਦੌਰਾਨ ਉਨ੍ਹਾਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿ ਕੇ ਖੇਡਾਂ ਵਾਲੇ ਪਾਸੇ ਧਿਆਨ ਦੇਣ ਦੀ ਅਪੀਲ ਕੀਤੀ। ਜਾਣਕਾਰੀ ਮੁਤਾਬਿਕ ਟੂਰਨਾਮੈਂਟ ਵਿੱਚ ਦਰਜਨ ਭਰ ਟੀਮਾਂ ਨੇ ਭਾਗ ਲਿਆ। ਕਬੱਡੀ ਦੇ ਫਾਈਨਲ ਮੈਚ ਵਿੱਚ ਪਾਈ ਜੀਂਦ (ਹਰਿਆਣਾ) ਦੀ ਟੀਮ ਨੇ ਸੈਂਪਲੀ (ਰੋਪੜ) ਦੀ ਟੀਮ ਨੂੰ ਹਰਾ ਕੇ ਪਹਿਲਾ ਸਥਾਨ ਹਾਸਲ ਕੀਤਾ, ਜਿਸ ‘ਤੇ ਸ੍ਰੀ ਰੰਧਾਵਾ ਨੇ ਜੀਂਦ ਦੀ ਟੀਮ ਦਾ ਵਿਸ਼ੇਸ਼ ਤੌਰ ‘ਤੇ ਸਨਮਾਨ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀਆਂ ਕੋਸ਼ਿਸ਼ਾਂ ਸਦਕਾ ਸੂਬੇ ਨੂੰ ਨਸ਼ੇ ਦੀ ਦਲ ਦਲ ਵਿਚੋਂ ਕੱਢਿਆ ਜਾ ਰਿਹਾ ਹੈ ਅਤੇ ‘ਖੇਡਾਂ ਵਤਨ ਪੰਜਾਬ ਦੀਆਂ’ ਤਹਿਤ ਨੌਜਵਾਨਾ ਨੂੰ ਖੇਡਾਂ ਵਾਲੇ ਪਾਸੇ ਪ੍ਰੇਰਿਤ ਕੀਤਾ ਜਾ ਰਿਹਾ ਹੈ। ਇਸ ਮੌਕੇ ਟੂਰਨਾਮੈਂਟ ਪ੍ਰਬੰਧਕ ਰਵਿੰਦਰ ਸਿੰਘ ਸੈਣੀ, ਬਲਾਕ ਪ੍ਰਧਾਨ ਹੰਡੇਸਰਾ ‘ਆਪ’ ਧਰਮਪਾਲ ਸਿੰਘ, ਬਲਾਕ ਪ੍ਰਧਾਨ ਲਾਲੜੂ ਗੁਰਵਿੰਦਰ ਸਿੰਘ ਜਾਸਤਨਾ, ਡੇਰਾਬੱਸੀ ਤੋਂ ਹਰਜੀਤ ਸਿੰਘ ਧੀਮਾਨ ਤੇ ਇੰਦਰਜੀਤ ਸਿੰਘ ਜੌਲਾ ਆਦਿ ਹਾਜ਼ਰ ਸਨ।